Calgary work permit controversy: Students on the streets despite paying lakhs of rupees, return within 70 days still hanging in the air
ਕੈਲਗਰੀ ਵਰਕ ਪਰਮਿਟ ਵਿਵਾਦ: ਲੱਖਾਂ ਦੀ ਫੀਸ ਦੇ ਕੇ ਵੀ ਸੜਕਾਂ ’ਤੇ ਸਟੂਡੈਂਟ, 70 ਦਿਨਾਂ ‘ਚ ਵਾਪਸੀ ਦੀ ਲਟਕੀ ਤਲਵਾਰ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਦੇ ਕੈਲਗਰੀ ਸ਼ਹਿਰ ’ਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (ਪੀ. ਜੀ. ਡਬਲਿਊ. ਪੀ.) ਤੋਂ ਵਾਂਝੇ ਕੀਤੇ ਗਏ ਹਜ਼ਾਰਾਂ ਬੱਚੇ ਰੋਸ ਮੁਜ਼ਾਹਰਾ ਕਰ ਰਹੇ ਹਨ ਅਤੇ ਇਹ ਮੁਜ਼ਾਹਰਾ ਕਰੀਬ 20 ਦਿਨ ਤੋਂ ਚੱਲ ਰਿਹਾ ਹੈ। ਪੰਜਾਬ ਤੋਂ ਕਰੀਬ ਇਕ ਹਜ਼ਾਰ ਬੱਚੇ ਇਸ ਸਮੱਸਿਆ ਨਾਲ ਜੂਝ ਰਹੇ ਹਨ। ਜਾਣਕਾਰੀ ਅਨੁਸਾਰ ਉਕਤ ਇੰਸਟੀਚਿਊਟ ਨੇ ਪੋਰਟੇਜ ਕਾਲਜ ਦੇ ਨਾਲ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਹੇਠ ਵੱਖ-ਵੱਖ ਡਿਪਲੋਮਾ ਕੋਰਸ ਚਲਾਏ ਸਨ। ਇਨ੍ਹਾਂ ਕੋਰਸਾਂ ਦੀ ਮਿਆਦ ਅੱਠ ਮਹੀਨੇ ਤੋਂ 2 ਸਾਲ ਤੱਕ ਸੀ। ਬਾਅਦ ’ਚ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਨ੍ਹਾਂ ਕੋਰਸਾਂ ਨੂੰ ਨਾਨ-ਕ੍ਰੈਡਿਬਲ ਮੰਨਦਿਆਂ ਵਿਦਿਆਰਥੀਆਂ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਬਿਨੈ-ਪੱਤਰ ਖਾਰਿਜ ਕਰ ਦਿੱਤੇ। ਵਿਦਿਆਰਥੀਆਂ ਨੇ ਪਿਛਲੇ ਸਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਲਈ ਬਿਨੈ-ਪੱਤਰ ਦਿੱਤਾ ਸੀ ਪਰ ਜੁਲਾਈ ਦੇ ਮੱਧ ’ਚ ਵੱਡੀ ਗਿਣਤੀ ’ਚ ਬਿਨੈ-ਪੱਤਰ ਇਹ ਕਹਿੰਦਿਆਂ ਖਾਰਿਜ ਕਰ ਦਿੱਤੇ ਕਿ ਸਬੰਧਤ ਕੋਰਸ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ। ਪੀੜਤ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰ ਸਾਲ ਲਗਭਗ 32,000 ਕੈਨੇਡੀਅਨ ਡਾਲਰ (ਕਰੀਬ 20 ਲੱਖ ਰੁਪਏ) ਫੀਸ ਚੁਕਾਈ ਸੀ। ਉਨ੍ਹਾਂ ਦਾ ਮਕਸਦ ਕੈਨੇਡਾ ’ਚ ਕੰਮ ਦਾ ਤਜ਼ਰਬਾ ਹਾਸਲ ਕਰ ਕੇ ਪੱਕੀ ਰਿਹਾਇਸ਼ (ਪੀ. ਆਰ.) ਪ੍ਰਾਪਤ ਕਰਨਾ ਸੀ ਪਰ ਹੁਣ ਉਨ੍ਹਾਂ ਨੂੰ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਵਿਦਿਆਰਥੀਆਂ ਨੂੰ ਸਥਾਨਕ ਪੰਜਾਬੀ ਭਾਈਚਾਰੇ ਦਾ ਸਮਰਥਨ ਮਿਲ ਰਿਹਾ ਹੈ। ਹੁਣ ਤਾਂ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਬੱਚਿਆਂ ਨੂੰ ਜੇਕਰ ਭਾਰਤ ਪਰਤਣਾ ਪਵੇਗਾ ਤਾਂ ਉਨ੍ਹਾਂ ’ਚੋਂ ਕਈ ਡਿਪ੍ਰੈਸ਼ਨ ਅਤੇ ਹੋਰ ਸਮੱਸਿਆਵਾਂ ਤੋਂ ਪੀੜਤ ਹੋ ਸਕਦੇ ਹਨ। ਜੇਕਰ ਵਿਦਿਆਰਥੀਆਂ ਨੂੰ ਜਲਦ ਰਾਹਤ ਨਾ ਮਿਲੀ ਤਾਂ ਉਨ੍ਹਾਂ ਨੂੰ ਅਗਲੇ ਲਗਭਗ 70 ਦਿਨਾਂ ਦੇ ਅੰਦਰ ਭਾਰਤ ਪਰਤਣਾ ਪੈ ਸਕਦਾ ਹੈ।

