Canada is America’s 51st state! Trump has made the declaration once again
ਅਮਰੀਕਾ ਦਾ 51ਵਾਂ ਸੂਬਾ ਹੈ ਕੈਨੇਡਾ ! Trump ਨੇ ਇਕ ਵਾਰ ਫਿਰ ਕਰ’ਤਾ ਐਲਾਨ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੰਦਿਆਂ ਕੈਨੇਡਾ ਨੂੰ ਅਮਰੀਕਾ ਦਾ ’51ਵਾਂ ਸੂਬਾ’ ਬਣਾਉਣ ਦਾ ਸੁਝਾਅ ਦਿੱਤਾ ਹੈ। ਅਰੀਜ਼ੋਨਾ ਦੇ ਬੁੱਲਹੈੱਡ ਸਿਟੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਗੁਆਂਢੀ ਦੇਸ਼ ਕੈਨੇਡਾ ‘ਤੇ ਭਾਰੀ ਟੈਰਿਫ ਲਗਾ ਕੇ ਅਮਰੀਕਾ ਦਾ ਆਰਥਿਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਵਪਾਰਕ ਨੀਤੀਆਂ ਅਤੇ ਭਾਰੀ ਟੈਰਿਫਾਂ ਤੋਂ ਬਚਣ ਲਈ ਕੈਨੇਡੀਅਨ ਆਟੋਮੋਬਾਈਲ ਕੰਪਨੀਆਂ ਆਪਣਾ ਕਾਰੋਬਾਰ ਅਮਰੀਕਾ ਵਿੱਚ ਤਬਦੀਲ ਕਰ ਰਹੀਆਂ ਹਨ। ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, “ਕੈਨੇਡਾ ਦੀਆਂ ਕਾਰ ਕੰਪਨੀਆਂ ਅਮਰੀਕਾ ਵਿੱਚ ਆ ਰਹੀਆਂ ਹਨ। ਜੇਕਰ ਉਹ ਅਜਿਹਾ ਨਹੀਂ ਕਰਦੀਆਂ, ਤਾਂ ਉਨ੍ਹਾਂ ਨੂੰ ਭਾਰੀ ਟੈਰਿਫ ਦੇਣੇ ਪੈਣਗੇ। ਅਤੇ ਆਖਰਕਾਰ ਕੈਨੇਡਾ 51ਵਾਂ ਸੂਬਾ ਹੀ ਬਣੇਗਾ, ਕਿਉਂਕਿ ਇਹ ਹੀ ਇੱਕੋ-ਇੱਕ ਰਸਤਾ ਹੈ ਜੋ ਕੰਮ ਕਰ ਸਕਦਾ ਹੈ”। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਸਬੰਧਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਹੁਣ ਅਮਰੀਕਾ ਕੈਨੇਡਾ ਦੀਆਂ ਅਣਉਚਿਤ ਵਪਾਰਕ ਨੀਤੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਟਰੰਪ ਨੇ ਵਿਸ਼ੇਸ਼ ਤੌਰ ‘ਤੇ ਕੈਨੇਡਾ ਵੱਲੋਂ ਅਮਰੀਕੀ ਡੇਅਰੀ ਉਤਪਾਦਾਂ ‘ਤੇ ਲਗਾਏ ਗਏ ਭਾਰੀ ਟੈਰਿਫਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, “ਕੈਨੇਡਾ ਨੇ ਹਮੇਸ਼ਾ ਸਾਡੇ ਨਾਲ ਬੁਰਾ ਵਿਵਹਾਰ ਕੀਤਾ ਹੈ, ਪਰ ਹੁਣ ਅਜਿਹਾ ਨਹੀਂ ਚੱਲੇਗਾ। ਹੁਣ ਖੇਡ ਬਦਲ ਚੁੱਕੀ ਹੈ, ਟਰੰਪ ਮੈਦਾਨ ਵਿੱਚ ਹੈ”। ਟਰੰਪ ਨੇ ਦੋਸ਼ ਲਾਇਆ ਕਿ ਕੈਨੇਡਾ ਨੇ ਅਮਰੀਕੀ ਡੇਅਰੀ ਉਤਪਾਦਾਂ ‘ਤੇ ਹੱਦ ਤੋਂ ਵੱਧ ਡਿਊਟੀਆਂ ਲਗਾ ਕੇ ਅਮਰੀਕਾ ਨੂੰ ਲੁੱਟਿਆ ਹੈ। ਟਰੰਪ ਨੇ ਅੱਗੇ ਕਿਹਾ ਕਿ “ਸਾਨੂੰ ਕੈਨੇਡਾ ਦੀ ਲੋੜ ਨਹੀਂ, ਉਨ੍ਹਾਂ ਨੂੰ ਸਾਡੀ ਲੋੜ ਹੈ”। ਅਮਰੀਕਾ ਨੂੰ ਆਰਥਿਕ ਤੌਰ ‘ਤੇ ਕੈਨੇਡਾ ਦੀ ਕੋਈ ਲੋੜ ਨਹੀਂ ਹੈ, ਜਦੋਂ ਕਿ ਕੈਨੇਡਾ ਅਮਰੀਕੀ ਬਾਜ਼ਾਰ ‘ਤੇ ਪੂਰੀ ਤਰ੍ਹਾਂ ਨਿਰਭਰ ਹੈ। ਉਨ੍ਹਾਂ ਸਵਾਲ ਚੁੱਕਿਆ, “ਅਸੀਂ ਅਜਿਹੇ ਦੇਸ਼ ਦਾ ਸਮਰਥਨ ਕਰਨ ਲਈ ਸਾਲਾਨਾ 80, 90 ਜਾਂ 100 ਅਰਬ ਡਾਲਰ ਦਾ ਨੁਕਸਾਨ ਕਿਉਂ ਝੱਲੀਏ ਜੋ ਸਾਡਾ ਹਿੱਸਾ ਹੀ ਨਹੀਂ ਹੈ?”। ਰੈਲੀ ਦੌਰਾਨ ਟਰੰਪ ਨੇ ਆਪਣੇ ਪ੍ਰਸ਼ਾਸਨ ਦੇ ਹੋਰ ਫੈਸਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ‘ਗਲਫ਼ ਆਫ਼ ਮੈਕਸੀਕੋ’ ਦਾ ਨਾਂ ‘ਗਲਫ਼ ਆਫ਼ ਅਮਰੀਕਾ’ ਅਤੇ ‘ਲੇਕ ਓਂਟਾਰੀਓ’ ਦਾ ਨਾਂ ‘ਲੇਕ ਅਮਰੀਕਾ’ ਰੱਖਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਗ੍ਰੀਨਲੈਂਡ ਨੂੰ ਖਰੀਦਣ ਦੇ ਆਪਣੇ ਵਿਚਾਰ ਦਾ ਬਚਾਅ ਕੀਤਾ ਅਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਕਸਦ ਫੌਜੀ ਤਾਕਤ ਦੀ ਵਰਤੋਂ ਕਰਨਾ ਨਹੀਂ ਸੀ, ਸਗੋਂ ਇਹ ਮੁੱਦਾ NATO ਸਮੇਂ ਮਜ਼ਬੂਤੀ ਨਾਲ ਚੁੱਕਿਆ ਗਿਆ ਸੀ।

