Flights halted at a German airport due to fears of a plane hijacking; fighter jets scrambled in an emergency
ਜਹਾਜ਼ ਅਗਵਾ ਹੋਣ ਦੇ ਖਦਸ਼ੇ ਕਾਰਨ ਜਰਮਨੀ ਦੇ ਹਵਾਈ ਅੱਡੇ ’ਤੇ ਉਡਾਣਾਂ ਰੋਕੀਆਂ, ਐਮਰਜੈਂਸੀ ‘ਚ ਭੇਜੇ ਲੜਾਕੂ ਜਹਾਜ਼
ਬਰਲਿਨ (ਆਵਾਜ਼ਿ ਕੌਮ ਬਿਊਰੋ)-ਜਰਮਨੀ ਦੇ ਨਿਊਰਮਬਰਗ ਹਵਾਈ ਅੱਡੇ ’ਤੇ ਜਹਾਜ਼ ਅਗਵਾ ਹੋਣ ਦੇ ਖ਼ਦਸ਼ੇ ਕਾਰਨ ਬੁੱਧਵਾਰ ਨੂੰ ਕੁਝ ਸਮੇਂ ਲਈ ਉਡਾਣਾਂ ਰੋਕ ਦਿੱਤੀਆਂ ਗਈਆਂ। ਜਹਾਜ਼ ਤੋਂ ਐਮਰਜੈਂਸੀ ਸੰਕੇਤ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ ਸੁਰੱਖਿਆ ਲਈ ਲੜਾਕੂ ਜਹਾਜ਼ ਭੇਜੇ ਅਤੇ ਪੁਲਸ ਨੇ ਹਵਾਈ ਅੱਡੇ ਦੀ ਘੇਰਾਬੰਦੀ ਕਰ ਦਿੱਤੀ। ਹਾਲਾਂਕਿ ਬਾਅਦ ਵਿਚ ਪਤਾ ਲੱਗਿਆ ਕਿ ਐਮਰਜੈਂਸੀ ਸੰਕੇਤ ਰੇਡੀਓ ਸੰਚਾਰ ਪ੍ਰਣਾਲੀ ਵਿਚ ਆਈ ਤਕਨੀਕੀ ਖ਼ਰਾਬੀ ਕਾਰਨ ਭੇਜਿਆ ਗਿਆ ਸੀ। ਏਅਰਲਾਈਨ ਕੰਪਨੀ ਕੋਰੈਂਡਨ ਏਅਰਲਾਈਨਜ਼ ਅਨੁਸਾਰ, ਯੂਨਾਨ ਦੇ ਕੋਰਫੂ ਤੋਂ ਜਰਮਨੀ ਦੇ ਨਿਊਰਮਬਰਗ ਜਾ ਰਹੇ ਬੋਇੰਗ 737-800 ਜਹਾਜ਼ ਵਿਚ ਬੁੱਧਵਾਰ ਸਵੇਰੇ ਕਰੋਏਸ਼ੀਆ ਦੇ ਉੱਪਰ ਉਡਾਣ ਦੌਰਾਨ ਰੇਡੀਓ ਸੰਚਾਰ ਪ੍ਰਣਾਲੀ ਵਿਚ ਕੁਝ ਸਮੇਂ ਲਈ ਖ਼ਰਾਬੀ ਆ ਗਈ ਸੀ। ਇਸੇ ਕਾਰਨ ਜਹਾਜ਼ ਤੋਂ ਐਮਰਜੈਂਸੀ ਸੰਕੇਤ ਭੇਜਿਆ ਗਿਆ ਸੀ। ਕੰਪਨੀ ਨੇ ਦੱਸਿਆ ਕਿ ਜਹਾਜ਼ ਵਿਚ ਅਸਲ ਵਿਚ ਕੋਈ ਐਮਰਜੈਂਸੀ ਸਥਿਤੀ ਨਹੀਂ ਸੀ। ਜਹਾਜ਼ ਵਿਚ ਸਵਾਰ 178 ਯਾਤਰੀਆਂ ਅਤੇ ਚਾਲਕ ਦਲ (ਕਰੂ) ਦੇ ਮੈਂਬਰਾਂ ਦੀ ਸੁਰੱਖਿਆ ਨੂੰ ਵੀ ਕੋਈ ਖ਼ਤਰਾ ਨਹੀਂ ਹੋਇਆ ਅਤੇ ਜਹਾਜ਼ ਸੁਰੱਖਿਅਤ ਹਵਾਈ ਅੱਡੇ ’ਤੇ ਉਤਰ ਗਿਆ। ਜਾਣਕਾਰੀ ਅਨੁਸਾਰ ਮਾਮਲੇ ਦੀ ਅਸਲ ਵਜ੍ਹਾ ਸਾਹਮਣੇ ਆਉਣ ਤੋਂ ਪਹਿਲਾਂ ਪੁਲਸ ਨੇ ਅਹਿਤਿਆਤ ਦੇ ਤੌਰ ’ਤੇ ਨਿਊਰਮਬਰਗ ਹਵਾਈ ਅੱਡੇ ਦੀ ਘੇਰਾਬੰਦੀ ਕਰ ਦਿੱਤੀ ਸੀ। ਹਵਾਈ ਅੱਡੇ ਦੇ ਬੁਲਾਰੇ ਅਨੁਸਾਰ ਇਸ ਕਾਰਵਾਈ ਕਾਰਨ 6 ਉਡਾਣਾਂ ਦੀ ਆਵਾਜਾਈ ਵਿਚ ਦੇਰੀ ਹੋਈ, ਜਦਕਿ ਉਥੇ ਪਹੁੰਚਣ ਵਾਲੀਆਂ 2 ਉਡਾਣਾਂ ਦਾ ਰੂਟ ਬਦਲ ਕੇ ਉਨ੍ਹਾਂ ਨੂੰ ਦੂਜੇ ਹਵਾਈ ਅੱਡਿਆਂ ’ਤੇ ਭੇਜ ਦਿੱਤਾ ਗਿਆ।

