Canada will be split into four parts! PM Carney gives a sharp retort to Elon Musk’s statement
ਕੈਨੇਡਾ ਦੇ ਹੋਣਗੇ 4 ਟੋਟੇ ! ਐਲਨ ਮਸਕ ਦੇ ਬਿਆਨ ‘ਤੇ PM ਕਾਰਨੀ ਨੇ ਦਿੱਤਾ ਕਰਾਰਾ ਜਵਾਬ
ਸ਼ੇਰਬਰੂਕ (ਕੈਨੇਡਾ) (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਨ ਮਸਕ ਦੇ ਵੱਖਵਾਦੀ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਕਾਰਨੀ ਨੇ ਮਸਕ ਵੱਲੋਂ ਕਿਊਬੈਕ, ਅਲਬਰਟਾ ਅਤੇ ਸਸਕੈਚਵਨ ਨੂੰ ਕੈਨੇਡਾ ਤੋਂ ਵੱਖ ਕਰਨ ਦੀ ਕੀਤੀ ਗਈ ਅਪੀਲ ਦਾ ਸਖ਼ਤ ਵਿਰੋਧ ਕੀਤਾ ਹੈ। ਕਾਰਨੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੈਨੇਡਾ ਦਾ ਭਵਿੱਖ ਇੱਥੋਂ ਦੇ ਨਾਗਰਿਕ ਹੀ ਤੈਅ ਕਰਨਗੇ। ਮਸਕ ਦੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕੈਨੇਡਾ ਦਾ ਭਵਿੱਖ ਕੈਨੇਡੀਅਨਾਂ ਦੀਆਂ ਪਹਿਲਕਦਮੀਆਂ ਅਤੇ ਕਿਊਬੈਕ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਤੈਅ ਹੋਵੇਗਾ। ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡੀਅਨਾਂ ਨੂੰ ਵਿਦੇਸ਼ੀ ਸਰਕਾਰਾਂ ਅਤੇ ਵੱਡੀਆਂ ਤਕਨਾਲੋਜੀ ਕੰਪਨੀਆਂ ਦੇ ਦਖਲ ਤੋਂ ਬਿਨਾਂ ਆਪਣੀਆਂ ਭਾਸ਼ਾਵਾਂ ਅਤੇ ਸੱਭਿਆਚਾਰ ਅਨੁਸਾਰ ਜਿਊਣ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਪਹਿਲੇ ਟ੍ਰਿਲੀਅਨਪਤੀ ਐਲੋਨ ਮਸਕ (ਜੋ ਦੱਖਣੀ ਅਫਰੀਕਾ ਵਿੱਚ ਜਨਮੇ ਕੈਨੇਡੀਅਨ-ਅਮਰੀਕੀ ਹਨ) ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਕਿਊਬੈਕ ਦੀ ਵੱਖਵਾਦੀ ਪਾਰਟੀ ‘ਪਾਰਟੀ ਕਿਊਬੈਕੋਇਸ’ (PQ) ਦੇ ਨੇਤਾ ਪਾਲ ਸੇਂਟ-ਪੀਅਰ ਪਲਾਮੋਨਡਨ ਬਾਰੇ ਪੋਸਟ ਲਿਖੀ ਸੀ, ਜਿਨ੍ਹਾਂ ਦੀ ਪਾਰਟੀ ਨੇ ਸੂਬਾਈ ਚੋਣਾਂ ਜਿੱਤੀਆਂ ਹਨ। ਮਸਕ ਨੇ ਲਿਖਿਆ ਸੀ, “ਚੰਗਾ ਹੈ, ਕਿਊਬੈਕ ਨੂੰ ਵੱਖ ਹੋ ਜਾਣਾ ਚਾਹੀਦਾ ਹੈ, ਉਹ ਜ਼ਿਆਦਾ ਵਧੀਆ ਸਥਿਤੀ ਵਿੱਚ ਰਹਿਣਗੇ। ਅਲਬਰਟਾ ਅਤੇ ਸਸਕੈਚਵਨ ਨੂੰ ਵੀ ਵੱਖ ਹੋ ਜਾਣਾ ਚਾਹੀਦਾ ਹੈ”। ਮੌਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਡੈਨੀਅਲ ਬੇਲੈਂਡ ਅਨੁਸਾਰ ਪਾਰਟੀ ਕਿਊਬੈਕੋਇਸ ਦੀ ਜਿੱਤ ਦਾ ਮਤਲਬ ਆਜ਼ਾਦੀ ਦਾ ਜਨਾਦੇਸ਼ ਨਹੀਂ ਹੈ। ਪਾਰਟੀ ਨੂੰ ਲਗਭਗ 28 ਫੀਸਦੀ ਵੋਟਾਂ ਮਿਲੀਆਂ ਅਤੇ ਉਹ ਬਹੁਮਤ ਤੋਂ ਦੂਰ ਰਹੀ, ਜਦੋਂ ਕਿ ਕਿਊਬੈਕ ਦੀ ਆਜ਼ਾਦੀ ਲਈ ਸਮਰਥਨ ਅਜੇ ਵੀ ਲਗਭਗ 30 ਫੀਸਦੀ ‘ਤੇ ਹੀ ਹੈ। ਉਨ੍ਹਾਂ ਅਨੁਸਾਰ ਇਹ ਚੋਣ ਨਤੀਜੇ ਆਜ਼ਾਦੀ ਨਾਲੋਂ ‘ਕੋਲੀਸ਼ਨ ਅਵੇਨਿਰ ਕਿਊਬੈਕ’ ਸਰਕਾਰ ਨੂੰ ਹਟਾਉਣ ਦੀ ਇੱਛਾ ਤੋਂ ਵੱਧ ਪ੍ਰਭਾਵਿਤ ਸਨ। ਦੂਜੇ ਪਾਸੇ ਅਲਬਰਟਾ ਵਿੱਚ 19 ਅਕਤੂਬਰ ਨੂੰ ਕੈਨੇਡਾ ਵਿੱਚ ਰਹਿਣ ਜਾਂ ਆਜ਼ਾਦੀ ਲਈ ਰੈਫਰੈਂਡਮ ਵੱਲ ਵਧਣ ਸਬੰਧੀ ਵੋਟਿੰਗ ਹੋਣੀ ਹੈ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਹੈ ਕਿ ਉਹ ਕੈਨੇਡਾ ਵਿੱਚ ਰਹਿਣ ਦੇ ਪੱਖ ਵਿੱਚ ਵੋਟ ਪਾਉਣਗੇ। ਸਮਿਥ ਅਨੁਸਾਰ ਉਨ੍ਹਾਂ ਦੀ ਸਰਕਾਰ ਅਤੇ ਕਾਰਨੀ ਸਰਕਾਰ ਵੱਲੋਂ ਮਿਲ ਕੇ ਮੁੱਦਿਆਂ ਨੂੰ ਹੱਲ ਕਰਨ ਨਾਲ ਸੂਬੇ ਵਿੱਚ ਵੱਖਵਾਦੀ ਭਾਵਨਾ ਕਮਜ਼ੋਰ ਹੋਈ ਹੈ। ਇਸ ਦੇ ਨਾਲ ਹੀ ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋਅ ਨੇ ਮਸਕ ਦੀ ਪੋਸਟ ‘ਤੇ ਇੱਕ ਸ਼ਬਦ ਵਿੱਚ ਜਵਾਬ ਦਿੰਦਿਆਂ ਲਿਖਿਆ— “ਨਹੀਂ”।

