Canadian police release photos of 15 Punjabis!
ਕੈਨੇਡਾ ਪੁਲਸ ਨੇ 15 ਪੰਜਾਬੀਆਂ ਦੀਆਂ ਜਾਰੀ ਕੀਤੀਆਂ ਤਸਵੀਰਾਂ !
Toranto, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਦੀ ਕੈਲਗਰੀ ਪੁਲਸ ਨੇ ਦੱਖਣੀ ਏਸ਼ਿਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਜ਼ਬਰਦਸਤੀ ਵਸੂਲੀ ਤੇ ਫਾਇਰਿੰਗ ਦੀਆਂ ਘਟਨਾਵਾਂ ‘ਚ ਸ਼ਾਮਲ 15 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਸ ਅਨੁਸਾਰ ਇਸ ਮਾਮਲੇ ‘ਚ ਕੁੱਲ 16 ਲੋਕਾਂ ਖ਼ਿਲਾਫ਼ 56 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਪੁਲਸ ਮੁਤਾਬਕ ਨਾਮਜ਼ਦ ਕੀਤੇ ਗਏ ਸਾਰੇ ਮੁਲਜ਼ਮ ਭਾਰਤ ਦੇ ਪੰਜਾਬ ਸੂਬੇ ਨਾਲ ਸਬੰਧਤ ਹਨ। ਇਹ ਸਾਰੇ ਕੈਨੇਡਾ ‘ਚ ਸਟੂਡੈਂਟ ਜਾਂ ਵਰਕ ਵੀਜ਼ੇ ‘ਤੇ ਆਏ ਹੋਏ ਹਨ। ਇਨ੍ਹਾਂ ਵਿੱਚੋਂ ਕੋਈ ਵੀ ਕੈਨੇਡੀਅਨ ਨਾਗਰਿਕ ਨਹੀਂ ਹੈ। ਇਨ੍ਹਾਂ 16 ‘ਚੋਂ 15 ਮੁਲਜ਼ਮ ਅਦਾਲਤ ਵੱਲੋਂ ਜ਼ਮਾਨਤ ‘ਤੇ ਰਿਹਾਅ ਕੀਤੇ ਜਾ ਚੁੱਕੇ ਹਨ, ਜਦਕਿ ਸਿਰਫ਼ ਇੱਕ ਹੀ ਫਿਲਹਾਲ ਜੇਲ੍ਹ ‘ਚ ਬੰਦ ਹੈ। ਪੁਲਸ ਅਧਿਕਾਰੀਆਂ ਨੇ ਮੁਲਜ਼ਮਾਂ ਦੇ ਜ਼ਮਾਨਤ ‘ਤੇ ਬਾਹਰ ਆਉਣ ‘ਤੇ ਚਿੰਤਾ ਪ੍ਰਗਟਾਈ ਹੈ ਅਤੇ ਆਮ ਲੋਕਾਂ ਤੋਂ ਇਨ੍ਹਾਂ ਦੇ ਸਾਥੀਆਂ ਬਾਰੇ ਜਾਣਕਾਰੀ ਮੰਗੀ ਹੈ। ਪੁਲਸ ਵੱਲੋਂ ਜਾਰੀ ਕੀਤੀਆਂ ਗਈਆਂ ਤਸਵੀਰਾਂ ‘ਚ ਰਵਜੋਤ ਤੂਰ (20), ਜਸਕਰਨ ਸਿੰਘ ਉਰਫ਼ ਜੱਸੀ ਬੁੱਟਰ (21), ਕਰਨਬੀਰ ਸਿੰਘ ਉਰਫ਼ ਕਰਨ ਸਿੰਘ (21), ਅਮਨਦੀਪ ਸਿੰਘ ਉਰਫ਼ ਸ਼ਿਵਾ ਸਿੰਘ (21), ਅਨੁਰਾਗ ਸਿੱਧੂ ਉਰਫ਼ ਅਨੁਰਾਗ ਸਿੰਘ ਸਿੱਧੂ (21), ਈਸ਼ਾਨਦੀਪ ਸਿੰਘ (19), ਅਮਨਦੀਪ ਮੱਲ੍ਹੀ (39), ਸੰਦੀਪ ਸਿੰਘ ਉਰਫ ਹਰਮਨ ਗਿੱਲ (32), ਦਕਸ਼ ਗੌਤਮ (25), ਅਕਾਸ਼ਦੀਪ ਸਿੰਘ (19), ਗਗਨਦੀਪ ਸਿੰਘ ਉਰਫ ਗੱਗੀ ਸਿੰਘ ਅਤੇ “ਗੁੱਗੀ” (29), ਪਰਦੀਪ ਸਿੰਘ (24), ਤਰਨਵੀਰ ਸਿੰਘ (24) ਗੁਰਕਰਨ ਧਾਲੀਵਾਲ (21) ਦੇ ਨਾਂ ਸ਼ਾਮਲ ਹਨ, ਜਦਕਿ ਇਕ ਹੋਰ ਮੁਲਜ਼ਮ ਜਰਮਨਜੀਤ ਸਿੰਘ (22) ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਹਨ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। ਸਥਾਨਕ ਭਾਈਚਾਰੇ ਨੇ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ ਤਾਂ ਜੋ ਲੋਕ ਇਨ੍ਹਾਂ ਬਾਰੇ ਜਾਗਰੂਕ ਰਹਿਣ ਤੇ ਇਨ੍ਹਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪੁਲਸ ਨਾਲ ਸਾਂਝੀ ਕਰ ਸਕਣ। ਜ਼ਿਕਰਯੋਗ ਹੈ ਕਿ ਕੈਲਗਰੀ ‘ਚ ਅਪ੍ਰੈਲ 2025 ਤੋਂ ਹੁਣ ਤੱਕ ਵਸੂਲੀ ਨਾਲ ਜੁੜੀਆਂ 49 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ 19 ਗੋਲੀਬਾਰੀ ਦੇ ਮਾਮਲੇ ਵੀ ਸ਼ਾਮਲ ਹਨ। ਪੁਲਸ ਮੁਤਾਬਕ ‘ਆਪਰੇਸ਼ਨ ਓਰੀਅਨ’ ਅਤੇ ‘ਆਪਰੇਸ਼ਨ ਆਊਟੇਜ’ ਤਹਿਤ ਕੀਤੀ ਗਈ ਕਾਰਵਾਈ ਨਾਲ ਹਾਲ ਹੀ ਦੇ ਮਹੀਨਿਆਂ ‘ਚ ਹਿੰਸਕ ਘਟਨਾਵਾਂ ‘ਚ ਕਮੀ ਆਈ ਹੈ।

