Case registered against Rahul Gandhi, Pappu Yadav and Awadhesh Prasad for “dramatizing” ‘Chanda Chori’
‘ਚੰਦਾ ਚੋਰੀ’ ਦਾ “ਨਾਟਕ” ਕਰਨ ‘ਤੇ ਰਾਹੁਲ ਗਾਂਧੀ, ਪੱਪੂ ਯਾਦਵ ਤੇ ਅਵਧੇਸ਼ ਪ੍ਰਸਾਦ ਵਿਰੁੱਧ ਕੇਸ ਦਰਜ
ਵਾਰਾਨਸੀ (ਯੂਪੀ) (ਆਵਾਜ਼ਿ ਕੌਮ ਬਿਊਰੋ)- ਦਿੱਲੀ ਦੇ ਸੰਸਦ ਕੰਪਲੈਕਸ ਵਿੱਚ ਬੀਤੇ ਦਿਨੀਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਨਾਲ ਸਬੰਧਤ ਕਥਿਤ ਚੜ੍ਹਾਵਾ ਚੋਰੀ ਦੇ ਮਾਮਲੇ ਵੱਲ ਧਿਆਨ ਖਿੱਚਣ ਲਈ “ਨਾਟਕ” ਕੀਤਾ ਸੀ। ਚੰਦਾ ਚੋਰੀ ਮਾਮਲੇ ਨੂੰ ਲੈ ਕੇ ਨਾਟਕ ਕਰਨ ਦੇ ਸਬੰਧ ਵਿਚ ਸੰਸਦ ਮੈਂਬਰ ਪੱਪੂ ਯਾਦਵ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਅਯੁੱਧਿਆ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਵਿਰੁੱਧ ਸਨਾਤਨ ਧਰਮ ਦਾ ਅਪਮਾਨ ਕਰਨ ਦੇ ਦੋਸ਼ ਵਿੱਚ ਸ਼ਨੀਵਾਰ ਨੂੰ ਵਾਰਾਣਸੀ ਵਿੱਚ ਕੇਸ ਦਰਜ ਕੀਤਾ ਗਿਆ। ਡਿਪਟੀ ਕਮਿਸ਼ਨਰ ਆਫ਼ ਪੁਲਸ ਗੌਰਵ ਬਾਂਸਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੰਤਾਂ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ‘ਤੇ ਸੰਸਦ ਮੈਂਬਰ ਰਾਹੁਲ ਗਾਂਧੀ, ਸੰਸਦ ਮੈਂਬਰ ਪੱਪੂ ਯਾਦਵ ਅਤੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਵਿਰੁੱਧ ਸਨਾਤਨ ਧਰਮ ਦਾ ਅਪਮਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਸੰਤਾਂ ਵੱਲੋਂ ਕੋਤਵਾਲੀ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਵਿੱਚ ਦੋਸ਼ ਲਗਾਇਆ ਕਿ ਰਾਹੁਲ ਗਾਂਧੀ, ਪੱਪੂ ਯਾਦਵ ਅਤੇ ਅਵਧੇਸ਼ ਪ੍ਰਸਾਦ ਨੇ ਸਨਾਤਨ ਧਰਮ ਦਾ ਅਪਮਾਨ ਕੀਤਾ ਹੈ। ਬਾਂਸਲ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਗਤ ਗੁਰੂ ਬਾਲਕ ਦਾਸ ਨੇ ਕਿਹਾ ਕਿ ਜਿਸ ਤਰ੍ਹਾਂ ਪੱਪੂ ਯਾਦਵ ਨੇ ਸੰਸਦ ਵਿੱਚ ਭਗਵਾਨ ਰਾਮ ਅਤੇ ਸਨਾਤਨ ਦਾ ਅਪਮਾਨ ਕੀਤਾ ਹੈ, ਉਹ ਮੁਆਫ਼ ਕਰਨ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਨਾਤਨੀ ਉਸ ਤਰੀਕੇ ਨੂੰ ਨਹੀਂ ਭੁੱਲ ਸਕਦਾ, ਜਿਸ ਤਰ੍ਹਾਂ ਉਹ ਕਾਰਾ ਕੀਤਾ ਗਿਆ ਸੀ। ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਅਯੁੱਧਿਆ ਵਿੱਚ ਰਾਮ ਮੰਦਰ ਨਾਲ ਸਬੰਧਤ ਦਾਨ ਦੀ ਕਥਿਤ ਚੋਰੀ ਨੂੰ ਲੈ ਕੇ ਸੰਸਦ ਕੰਪਲੈਕਸ ਵਿੱਚ ਨਾਟਕ ਪੇਸ਼ ਕਰਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਪੱਪੂ ਯਾਦਵ ਨੇ ਭਗਵੇਂ ਚੋਲੇ ਪਾ ਕੇ ਪੁਜਾਰੀ ਦਾ ਰੂਪ ਧਾਰਨ ਕੀਤਾ, ਜਦੋਂ ਕਿ ਰਾਹੁਲ ਗਾਂਧੀ ਨੇ ਪੈਸੇ ਦਾਨ ਕੀਤੇ। ਪੱਪੂ ਯਾਦਵ ਫਿਰ ਦਾਨ ਬਾਕਸ ਲੈ ਕੇ ਭੱਜ ਗਿਆ ਪਰ ਹੋਰ ਸੰਸਦ ਮੈਂਬਰਾਂ ਨੇ ਉਸਨੂੰ ਰੋਕ ਲਿਆ। ਵਿਰੋਧ ਪ੍ਰਦਰਸ਼ਨ ਦੌਰਾਨ, “ਚੰਦਾ ਚੋਰ, ਗੱਦੀ ਛੱਡੋ” ਵਰਗੇ ਨਾਅਰੇ ਵੀ ਲਗਾਏ ਗਏ।

