China prepares to create ‘artificial sun’! Successfully tests world’s most powerful magnet
‘ਨਕਲੀ ਸੂਰਜ’ ਬਣਾਉਣ ਦੀ ਤਿਆਰੀ ‘ਚ ਚੀਨ! ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਮੈਗਨੇਟ ਦਾ ਕੀਤਾ ਸਫਲ ਪ੍ਰੀਖਣ
ਬੀਜਿੰਗ (ਆਵਾਜ਼ਿ ਕੌਮ ਬਿਊਰੋ)- ਚੀਨ ਨੇ ਆਪਣੇ ‘ਆਰਟੀਫੀਸ਼ੀਅਲ ਸਨ’ (ਨਕਲੀ ਸੂਰਜ) ਮਿਸ਼ਨ ਵਿੱਚ ਇੱਕ ਇਤਿਹਾਸਕ ਪੁਲਾਂਘ ਪੁੱਟੀ ਹੈ। ਦੁਨੀਆ ਦੇ ਸਭ ਤੋਂ ਵੱਡੇ 582 ਟਨ ਵਜ਼ਨੀ ਸੁਪਰਕੰਡਕਟਿੰਗ ਫਿਊਜ਼ਨ ਮੈਗਨੇਟ ਦਾ ਸਫਲ ਪ੍ਰੀਖਣ ਕਰਕੇ ਚੀਨ ਨੇ ਭਵਿੱਖ ਵਿੱਚ ਸਾਫ਼ ਅਤੇ ਸਸਤੀ ਊਰਜਾ ਪ੍ਰਾਪਤ ਕਰਨ ਦੇ ਸੁਪਨੇ ਨੂੰ ਹਕੀਕਤ ਦੇ ਹੋਰ ਨੇੜੇ ਲਿਆਂਦਾ ਹੈ। ਇਸ ਪ੍ਰਾਪਤੀ ਨਾਲ ਚੀਨ ਹੁਣ ਫਿਊਜ਼ਨ ਊਰਜਾ ਦੀ ਦੌੜ ਵਿੱਚ ਵਿਸ਼ਵ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ। ਇਹ ‘ਆਰਟੀਫੀਸ਼ੀਅਲ ਸਨ’ ਅਸਲ ਵਿੱਚ ਇੱਕ ਫਿਊਜ਼ਨ ਰਿਐਕਟਰ ਹੈ ਜੋ ਸੂਰਜ ਵਾਂਗ ਊਰਜਾ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਵਿੱਚ ਹਾਈਡ੍ਰੋਜਨ ਦੇ ਪ੍ਰਮਾਣੂਆਂ ਨੂੰ ਬਹੁਤ ਉੱਚ ਤਾਪਮਾਨ ‘ਤੇ ਮਿਲਾਇਆ ਜਾਂਦਾ ਹੈ, ਜਿਸ ਨਾਲ ਬਿਨਾਂ ਕਿਸੇ ਪ੍ਰਦੂਸ਼ਣ ਜਾਂ ਕਾਰਬਨ ਨਿਕਾਸ ਦੇ ਭਾਰੀ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ। ਚੀਨ ਵੱਲੋਂ ਤਿਆਰ ਕੀਤਾ ਗਿਆ ਇਹ ਨਵਾਂ ਮੈਗਨੇਟ 21 ਮੀਟਰ ਲੰਬਾ ਅਤੇ 12 ਮੀਟਰ ਚੌੜਾ ਹੈ। ਇਸ ਦਾ ਮੁੱਖ ਕੰਮ ਰਿਐਕਟਰ ਦੇ ਅੰਦਰ ਲਗਭਗ 10 ਕਰੋੜ ਡਿਗਰੀ ਸੈਲਸੀਅਸ ਤਾਪਮਾਨ ਵਾਲੇ ਪਲਾਜ਼ਮਾ ਨੂੰ ਕੰਟਰੋਲ ਵਿੱਚ ਰੱਖਣਾ ਹੈ। ਸੂਤਰਾਂ ਅਨੁਸਾਰ, ਚੀਨ ਨੇ ਫਿਊਜ਼ਨ ਊਰਜਾ ਲਈ ਇੱਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਚੀਨ ਦਾ ਟੀਚਾ ਹੈ ਕਿ ਸਾਲ 2027 ਤੱਕ ਨਵਾਂ ਫਿਊਜ਼ਨ ਰਿਐਕਟਰ ਤਿਆਰ ਕੀਤਾ ਜਾਵੇ ਅਤੇ 2030 ਤੱਕ ਪਹਿਲੀ ਵਾਰ ਫਿਊਜ਼ਨ ਪ੍ਰਕਿਰਿਆ ਰਾਹੀਂ ਬਿਜਲੀ ਪੈਦਾ ਕੀਤੀ ਜਾਵੇ। ਇਸ ਤੋਂ ਪਹਿਲਾਂ ਚੀਨ ਦਾ ‘ਈਸਟ’ (EAST) ਰਿਐਕਟਰ 10 ਕਰੋੜ ਡਿਗਰੀ ਸੈਲਸੀਅਸ ‘ਤੇ 1066 ਸੈਕਿੰਡ ਤੱਕ ਪਲਾਜ਼ਮਾ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕਰ ਚੁੱਕਾ ਹੈ। ਚੀਨ ਦਾ ਦਾਅਵਾ ਹੈ ਕਿ ਇਸ ਪੂਰੀ ਤਕਨੀਕ ਅਤੇ ਲੋੜੀਂਦੇ ਸਾਧਨਾਂ ਨੂੰ ਉਸ ਨੇ ਆਪਣੇ ਦੇਸ਼ ਦੇ ਸਰੋਤਾਂ ਨਾਲ ਹੀ ਵਿਕਸਿਤ ਕੀਤਾ ਹੈ। ਵਿਗਿਆਨੀਆਂ ਨੇ ਮੈਗਨੇਟ ਦੇ ਨਾਲ ਇੱਕ ਵਿਸ਼ੇਸ਼ ‘ਸੈਂਟਰਲ ਸੋਲਨੋਇਡ ਕੋਇਲ’ ਦਾ ਵੀ ਸਫਲ ਪਰੀਖਣ ਕੀਤਾ ਹੈ, ਜੋ ਫਿਊਜ਼ਨ ਦੀ ਪ੍ਰਕਿਰਿਆ ਨੂੰ ਲਗਾਤਾਰ ਚਲਾਉਣ ਵਿੱਚ ਮਦਦ ਕਰਦੀ ਹੈ। ਹਾਲਾਂਕਿ ਵਿਗਿਆਨੀ ਮੰਨਦੇ ਹਨ ਕਿ ਅਜੇ ਕਈ ਚੁਣੌਤੀਆਂ ਬਾਕੀ ਹਨ, ਪਰ ਇਸ ਸਫਲਤਾ ਨੂੰ ਸਵੱਛ ਊਰਜਾ ਦੀ ਦਿਸ਼ਾ ਵਿੱਚ ਇੱਕ ਬਹੁਤ ਵੱਡਾ ਇਨਕਲਾਬੀ ਕਦਮ ਮੰਨਿਆ ਜਾ ਰਿਹਾ ਹੈ।

