‘Chinese cars to be built in America…!’ – President Trump makes a major statement
‘ਅਮਰੀਕਾ ‘ਚ ਬਣਨਗੀਆਂ ਚੀਨ ਦੀਆਂ ਕਾਰਾਂ..!’, ਰਾਸ਼ਟਰਪਤੀ ਟਰੰਪ ਨੇ ਦਿੱਤਾ ਵੱਡਾ ਬਿਆਨ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕੀ ਸੰਸਦ ਮੈਂਬਰਾਂ ਅਤੇ ਸਥਾਨਕ ਕਾਰ ਨਿਰਮਾਤਾ ਕੰਪਨੀਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਚੀਨੀ ਆਟੋਮੋਬਾਈਲ ਕੰਪਨੀਆਂ ਅਮਰੀਕਾ ‘ਚ ਆ ਕੇ ਆਪਣੇ ਕਾਰ ਮੈਨੂਫੈਕਚਰਿੰਗ ਪਲਾਂਟ ਲਗਾਉਂਦੀਆਂ ਹਨ ਅਤੇ ਅਮਰੀਕੀ ਲੋਕਾਂ ਨੂੰ ਰੁਜ਼ਗਾਰ ਦਿੰਦੀਆਂ ਹਨ, ਤਾਂ ਉਨ੍ਹਾਂ ਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਇਕ ਪ੍ਰੋਗਰਾਮ ‘ਚ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, “ਜੇ ਚੀਨ ਇੱਥੇ ਆ ਕੇ ਆਪਣੀਆਂ ਕਾਰਾਂ ਬਣਾਉਣ ਲਈ ਪਲਾਂਟ ਖੋਲ੍ਹਣਾ ਚਾਹੁੰਦਾ ਹੈ, ਤਾਂ ਮੈਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਜਾਪਾਨ ਵੀ ਅਜਿਹਾ ਕਰਦਾ ਹੈ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਾਡੇ ਲੋਕਾਂ ਨੂੰ ਨੌਕਰੀਆਂ ਦਿੰਦੇ ਹਨ।” ਟਰੰਪ ਨੇ ਸਪੱਸ਼ਟ ਕੀਤਾ ਕਿ ਉਹ ਨਹੀਂ ਚਾਹੁੰਦੇ ਕਿ ਚੀਨੀ ਕੰਪਨੀਆਂ ਮੈਕਸੀਕੋ ‘ਚ ਕਾਰਾਂ ਬਣਾ ਕੇ ਉਨ੍ਹਾਂ ਨੂੰ ਅਮਰੀਕੀ ਬਾਜ਼ਾਰ ‘ਚ ਲਾਂਚ ਕਰ ਕੇ ਵੇਚਣ। ਹਾਲਾਂਕਿ ਅਗਲੇ ਦੋ ਹਫ਼ਤਿਆਂ ‘ਚ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵਾਸ਼ਿੰਗਟਨ ‘ਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਅਮਰੀਕੀ ਕਾਰ ਨਿਰਮਾਤਾਵਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਡੈਮੋਕ੍ਰੇਟਿਕ ਸੈਨੇਟਰ ਐਲਿਸਾ ਸਲੋਟਕਿਨ ਨੇ ਕਿਹਾ ਕਿ ਚੀਨੀ ਕਾਰਾਂ ਨੂੰ ਅਮਰੀਕੀ ਬਾਜ਼ਾਰ ‘ਚ ਉਤਰਨ ਦੀ ਇਜਾਜ਼ਤ ਦੇਣਾ ਇੱਕ ਵੱਡੀ ਗਲਤੀ ਸਾਬਿਤ ਹੋਵੇਗਾ। ਹਾਲਾਂਕਿ, ਟਰੰਪ ਨੇ ਇਨ੍ਹਾਂ ਅਫ਼ਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਚੀਨੀ ਵਾਹਨਾਂ ਨੂੰ ਅਮਰੀਕਾ ਤੋਂ ਬਾਹਰ ਰੱਖਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਜੋ ਬਾਈਡੇਨ ਦੇ ਸ਼ਾਸਨ ਦੌਰਾਨ 2025 ਦੇ ਸ਼ੁਰੂ ‘ਚ ਲਗਾਏ ਗਏ ਨਿਯਮਾਂ ਤਹਿਤ ਚੀਨੀ ਕੰਪਨੀਆਂ ਦੇ ਅਮਰੀਕਾ ‘ਚ ਗੱਡੀਆਂ ਵੇਚਣ ਜਾਂ ਬਣਾਉਣ ‘ਤੇ ਪ੍ਰਭਾਵਸ਼ਾਲੀ ਰੋਕ ਹੈ। ਇਸ ਤੋਂ ਇਲਾਵਾ ਚੀਨੀ ਈ.ਵੀ. ‘ਤੇ 100 ਫ਼ੀਸਦੀ ਤੋਂ ਵੱਧ ਟੈਰਿਫ਼ ਲਾਗੂ ਹੈ। ‘ਦਿ ਐਲਾਇੰਸ ਫ਼ਾਰ ਆਟੋਮੋਟਿਵ ਇਨੋਵੇਸ਼ਨ’, ਜਿਸ ‘ਚ ਜਨਰਲ ਮੋਟਰਜ਼, ਫੋਰਡ, ਟੋਯੋਟਾ, ਹੁੰਡਈ ਆਦਿ ਕੰਪਨੀਆਂ ਸ਼ਾਮਲ ਹਨ, ਨੇ ਅਮਰੀਕੀ ਸੰਸਦ ਨੂੰ ਦਸੰਬਰ ਦੇ ਅੰਤ ਤੱਕ ਚੀਨੀ ਵਾਹਨਾਂ ‘ਤੇ ਸਥਾਈ ਬੈਨ ਲਗਾਉਣ ਲਈ ਕਾਨੂੰਨ ਪਾਸ ਕਰਨ ਦੀ ਮੰਗ ਕੀਤੀ ਹੈ।

