Cloud bursts again in Himachal, 18 houses destroyed, Meteorological Department issues ‘red’ alert
ਹਿਮਾਚਲ ‘ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ
ਸ਼ਿਮਲਾ (ਆਵਾਜ਼ਿ ਕੌਮ ਬਿਊਰੋ)- ਹਿਮਾਚਲ ਪ੍ਰਦੇਸ਼ ਵਿਚ ਮੋਹਲੇਧਾਰ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦਾ ‘ਰੈੱਡ’ ਅਲਰਟ ਜਾਰੀ ਹੈ। ਇਸ ਦੌਰਾਨ ਕਾਂਗੜਾ ਜ਼ਿਲ੍ਹੇ ਦੇ ਉਪ-ਮੰਡਲ ਸ਼ਾਹਪੁਰ ਦੀ ਬੋਹ ਘਾਟੀ ਵਿਚ ਮੰਗਲਵਾਰ ਨੂੰ ਬੱਦਲ ਫਟਣ ਕਾਰਨ 18 ਘਰ ਰੁੜ੍ਹੇ ਗਏ ਅਤੇ 3 ਲੋਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਇਸ ਘਟਨਾ ਨਾਲ 8 ਪਸ਼ੂਆਂ ਦੇ ਰੁੜ੍ਹ ਜਾਣ ਨਾਲ-ਨਾਲ 9 ਗਊਸ਼ਾਲਾਵਾਂ ਦੇ ਢਹਿ-ਢੇਰੀ ਹੋਣ ਦੀਆਂ ਵੀ ਸੂਚਨਾਵਾਂ ਮਿਲ ਗਈਆਂ ਹਨ। ਸੋਮਵਾਰ ਸ਼ਾਮ ਤੋਂ ਕਾਂਗੜਾ, ਚੰਬਾ ਅਤੇ ਸਿਰਮੌਰ ਦੇ ਕਈ ਇਲਾਕਿਆਂ ਵਿਚ ਮੋਹਲੇਧਾਰ ਮੀਂਹ ਦਰਜ ਕੀਤਾ ਗਿਆ। ਉੱਥੇ ਹੀ ਲਮ ਪਿੰਡ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਕਈ ਹੋਰ ਮਕਾਨਾਂ ਵਿਚ ਮਲਬਾ ਅਤੇ ਵੱਡੇ-ਵੱਡੇ ਰੁੱਖ ਅਤੇ ਪੱਥਰ ਵੜ ਗਏ। ਕਈ ਮਕਾਨਾਂ ਦੀਆਂ ਕੰਧਾਂ ਵਿਚ ਇਸ ਘਟਨਾ ਤੋਂ ਬਾਅਦ ਵੱਡੀਆਂ-ਵੱਡੀਆਂ ਤਰੇੜਾਂ ਆ ਗਈਆਂ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਚੰਬਾ, ਕਾਂਗੜਾ, ਮੰਡੀ, ਕੁੱਲੂ, ਸਿਰਮੌਰ, ਸ਼ਿਮਲਾ, ਸੋਲਨ, ਕਿੰਨੌਰ ਅਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਵਿਚ ਅਚਾਨਕ ਹੜ੍ਹ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਤੋਂ ਇਲਾਵਾ 23 ਤੋਂ 27 ਜੁਲਾਈ ਤੱਕ ਵੀ ਸੂਬੇ ਵਿਚ ਮੌਸਮ ਖਰਾਬ ਰਹੇਗਾ। ਇਸ ਦੌਰਾਨ ਸੂਬੇ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਸ਼ਾਮ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਦੇ ਹਿਮਕੋਟੀ ਮਾਰਗ ’ਤੇ ਦੇਵੀਦੁਆਰ ਨੇੜੇ ਢਿੱਗਾਂ ਡਿੱਗ ਗਈਆਂ। ਪਹਾੜੀ ਤੋਂ ਮਲਬਾ ਅਤੇ ਪੱਥਰ ਡਿੱਗਣ ਕਾਰਨ ਯਾਤਰਾ ਮਾਰਗ ’ਤੇ ਬਣੇ ਸ਼ੈੱਡ ਦਾ ਵੱਡਾ ਹਿੱਸਾ ਨੁਕਸਾਨਿਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਖਰਾਬ ਮੌਸਮ ਦੇ ਕਾਰਨ ਵੈਸ਼ਨੋ ਦੇਵੀ ਯਾਤਰਾ ਪਹਿਲਾਂ ਤੋਂ ਹੀ ਅਹਿਤਿਆਤ ਵਜੋਂ ਬੰਦ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਸਬੰਧਿਤ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਪ੍ਰਭਾਵਿਤ ਇਲਾਕੇ ਦਾ ਮੁਆਇਨਾ ਸ਼ੁਰੂ ਕਰ ਦਿੱਤਾ ਹੈ।

