Dal Khalsa International to protest against BBC’s use of language about Maharaja Duleep Singh on August 15
*ਬੀਬੀਸੀ ਵੱਲੋਂ ਮਹਾਰਾਜਾ ਦਲੀਪ ਸਿੰਘ ਬਾਰੇ ਵਰਤੀ ਗਈ ਸ਼ਬਦਾਵਲੀ ਖ਼ਿਲਾਫ਼ ਦਲ ਖਾਲਸਾ ਇੰਟਰਨੈਸ਼ਨਲ ਦਾ ਰੋਸ ਪ੍ਰਦਰਸ਼ਨ 15 ਅਗਸਤ ਨੂੰ
*ਮਹਾਰਾਜਾ ਦਲੀਪ ਸਿੰਘ ਨੂੰ “ਭਾਰਤੀ ਰਾਜਾ” ਨਹੀਂ, “ਸਿੱਖ ਸਾਮਰਾਜ ਦੇ ਆਖ਼ਰੀ ਮਹਾਰਾਜਾ” ਵਜੋਂ ਦਰਸਾਉਣ ਦੀ ਕੀਤੀ ਮੰਗ
ਲੰਡਨ (ਸਰਬਜੀਤ ਸਿੰਘ ਬਨੂੜ)- ਦਲ ਖਾਲਸਾ ਇੰਟਰਨੈਸ਼ਨਲ (ਯੂਕੇ) ਵੱਲੋਂ ਬੀਬੀਸੀ ਦੀ ਇੱਕ ਰਿਪੋਰਟ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸਕ ਦਰਜੇ ਸਬੰਧੀ ਵਰਤੀ ਗਈ ਸ਼ਬਦਾਵਲੀ ਦਾ ਵਿਰੋਧ ਕਰਦਿਆਂ 15 ਅਗਸਤ ਨੂੰ ਲੰਡਨ ਸਥਿਤ ਬੀਬੀਸੀ ਬਰਾਡਕਾਸਟਿੰਗ ਹਾਊਸ, ਪੋਰਟਲੈਂਡ ਪਲੇਸ ਦੇ ਬਾਹਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।
ਦਲ ਖਾਲਸਾ ਇੰਟਰਨੈਸ਼ਨਲ (ਯੂਕੇ) ਦੇ ਮੁਖੀ ਸ. ਗੁਰਚਰਨ ਸਿੰਘ ਨੇ ਕਿਹਾ ਕਿ ਬੀਬੀਸੀ ਨਿਊਜ਼ ਦੀ ਪੱਤਰਕਾਰ ਸਵਾਨੀ ਚੌਧਰੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਵਿੱਚ ਵਰਤੀ ਗਈ ਸ਼ਬਦਾਵਲੀ ਮਹਾਰਾਜਾ ਦਲੀਪ ਸਿੰਘ ਨੂੰ “Indian King” (ਭਾਰਤੀ ਰਾਜਾ) ਵਜੋਂ ਦਰਸਾਇਆ ਗਿਆ ਹੈ, ਜਦਕਿ ਇਤਿਹਾਸਕ ਤੌਰ ’ਤੇ ਉਹ ਸਿੱਖ ਸਾਮਰਾਜ ਦੇ ਆਖ਼ਰੀ ਮਹਾਰਾਜਾ ਸਨ।
ਉਨ੍ਹਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਸਿੱਖ ਇਤਿਹਾਸ ਦੀ ਪਛਾਣ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦੀ ਅਤੇ ਇਸ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ।’ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀ ਪਛਾਣ ਨੂੰ ਉਸ ਦੇ ਅਸਲ ਇਤਿਹਾਸਕ ਸੰਦਰਭ ਅਨੁਸਾਰ ਹੀ ਪੇਸ਼ ਕੀਤਾ ਜਾਣਾ ਚਾਹੀਦਾ ਹੈ ਅਤੇ ਬੀਬੀਸੀ ਨੂੰ ਆਪਣੀ ਰਿਪੋਰਟ ਵਿੱਚ ਲੋੜੀਂਦੀ ਸੋਧ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਦਲ ਖਾਲਸਾ ਇੰਟਰਨੈਸ਼ਨਲ ਦਾ ਮਕਸਦ ਕਿਸੇ ਨਾਲ ਟਕਰਾਅ ਪੈਦਾ ਕਰਨਾ ਨਹੀਂ, ਸਗੋਂ ਇਤਿਹਾਸਕ ਤੱਥਾਂ ਦੀ ਸਹੀ ਪੇਸ਼ਕਾਰੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਮੀਡੀਆ ਸੰਸਥਾਵਾਂ ਇਤਿਹਾਸਕ ਵਿਅਕਤੀਆਂ ਬਾਰੇ ਲਿਖਦੀਆਂ ਹਨ ਤਾਂ ਉਨ੍ਹਾਂ ਉੱਤੇ ਤੱਥਾਂ ਨੂੰ ਸਹੀ ਰੂਪ ਵਿੱਚ ਪੇਸ਼ ਕਰਨ ਦੀ ਵੱਧ ਜ਼ਿੰਮੇਵਾਰੀ ਬਣਦੀ ਹੈ।
ਸੰਸਥਾ ਨੇ ਯੂਕੇ ਭਰ ਦੀ ਸਿੱਖ ਸੰਗਤ, ਇਤਿਹਾਸਕਾਰਾਂ, ਵਿਦਿਆਰਥੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਹਮਾਇਤੀਆਂ ਨੂੰ 15 ਅਗਸਤ ਨੂੰ ਹੋਣ ਵਾਲੇ ਇਸ ਸ਼ਾਂਤਮਈ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਮੁਹਿੰਮ ਤਹਿਤ #CorrectTheNarrative, #SikhHistory ਅਤੇ #BBCBias ਵਰਗੇ ਹੈਸ਼ਟੈਗਾਂ ਰਾਹੀਂ ਵੀ ਸਮਰਥਨ ਇਕੱਠਾ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ (1838–1893) ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਅਤੇ ਸਿੱਖ ਸਾਮਰਾਜ ਦੇ ਆਖ਼ਰੀ ਮਹਾਰਾਜਾ ਸਨ। 1849 ਵਿੱਚ ਪੰਜਾਬ ਦੇ ਬਰਤਾਨਵੀ ਹਕੂਮਤ ਅਧੀਨ ਆਉਣ ਤੋਂ ਬਾਅਦ ਉਨ੍ਹਾਂ ਨੂੰ ਨਾਬਾਲਗ ਉਮਰ ਵਿੱਚ ਗੱਦੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਇੰਗਲੈਂਡ ਲਿਜਾਇਆ ਗਿਆ। ਉਨ੍ਹਾਂ ਨੇ ਆਪਣੇ ਜੀਵਨ ਦੇ ਆਖ਼ਰੀ ਸਾਲਾਂ ਵਿੱਚ ਪੰਜਾਬ ਵਾਪਸ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਮਿਲੀ।


