Damdami Taksal chief Sant Baba Harnam Singh Ji Khalsa condemns assault on Sikh youth in Ludhiana.
ਦਮਦਮੀ ਟਕਸਾਲ ਮੁਖੀ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਲੁਧਿਆਣਾ ਵਿੱਚ ਨੌਜਵਾਨ ਨਾਲ ਕੁੱਟਮਾਰ ਦੀ ਸਖ਼ਤ ਨਿੰਦਾ।

31 ਜਨਵਰੀ 2026, ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਨੇ ਲੁਧਿਆਣਾ ਵਿੱਚ ਸਿੱਖ ਨੌਜਵਾਨ ਟੈਕਸੀ ਚਾਲਕ ਸ. ਰਣਜੋਤ ਸਿੰਘ ਨਾਲ ਪੁਲਿਸ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦੀ ਸਖ਼ਤ ਨਿੰਦਾ ਕੀਤੀ ਹੈ। ਇਹ ਘਟਨਾ ਇਸ ਕਰਕੇ ਵਾਪਰੀ ਕਿ ਨੌਜਵਾਨ ਦੀ ਟੈਕਸੀ ‘ਤੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੋਈ ਸੀ।
ਸੰਤ ਬਾਬਾ ਹਰਨਾਮ ਸਿੰਘ ਜੀ ਨੇ ਬਿਆਨ ਵਿੱਚ ਕਿਹਾ ਕਿ ਇਹ ਅਤਿ ਨਿੰਦਣ ਯੋਗ ਘਟਨਾ ਹੈ ਅਤੇ ਸੰਤ ਜਰਨੈਲ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 20ਵੀਂ ਸਦੀ ਦਾ ਮਹਾਨ ਸਿੱਖ ਮਾਨਿਆ ਗਿਆ ਹੈ ਜਿਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਰੱਖਿਆ ਲਈ ਮਹਾਨ ਸ਼ਹਾਦਤ ਦਿੱਤੀ। ਨੌਜਵਾਨੀ ਸੰਤਾਂ ਨੂੰ ਦਿਲੋਂ ਪਿਆਰ ਕਰਦੀ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਗੱਡੀਆਂ ‘ਤੇ ਲਾਉਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਏਜੰਸੀਆਂ ਵੱਲੋਂ ਸੰਤਾਂ ਨੂੰ ਬਦਨਾਮ ਕਰਨ ਅਤੇ ਅੱਤਵਾਦੀ ਕਹਿਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਪਰ ਸੰਤ ਬਾਬਾ ਜਰਨੈਲ ਸਿੰਘ ਜੀ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੇ ਮਹਾਨ ਤਪੱਸਵੀ ਅਤੇ ਸੂਰਬੀਰ ਯੋਧੇ ਸਨ।
ਸੰਤ ਬਾਬਾ ਹਰਨਾਮ ਸਿੰਘ ਜੀ ਨੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਇਸ ਬੇਤਹਾਸਾ ਤਸੱਦਦ ਦੀ ਸਖ਼ਤ ਨਿੰਦਾ ਕੀਤੀ ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਇਹ ਘਿਨਾਉਣੀ ਹਰਕਤ ਕੀਤੀ ਹੈ, ਉਨ੍ਹਾਂ ਤੋਂ ਮਾਫੀ ਮੰਗਵਾਈ ਜਾਵੇ ਅਤੇ ਬਣਦੀਆਂ ਧਾਰਾਵਾਂ ਲਾਗੂ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਹ ਬਿਆਨ ਸਿੱਖ ਕੌਮ ਵਿੱਚ ਗਹਿਰੀ ਨਾਰਾਜ਼ਗੀ ਅਤੇ ਏਕਤਾ ਨੂੰ ਵਧਾਉਂਦਾ ਹੈ ਅਤੇ ਪੁਲਿਸ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਵਿਰੁੱਧ ਵੱਡੀ ਆਵਾਜ਼ ਬਣ ਰਿਹਾ ਹੈ।
