Deteriorating security situation in Pakistan becomes a matter of concern for foreign investors
ਪਾਕਿਸਤਾਨ ‘ਚ ਵਿਗੜਦੀ ਸੁਰੱਖਿਆ ਸਥਿਤੀ ਵਿਦੇਸ਼ੀ ਨਿਵੇਸ਼ਕਾਂ ਲਈ ਬਣੀ ਚਿੰਤਾ ਦਾ ਵਿਸ਼ਾ
ਇਸਲਾਮਾਬਾਦ (ਆਵਾਜ਼ਿ ਕੌਮ ਬਿਊਰੋ)- ਵਿਦੇਸ਼ੀ ਨਿਵੇਸ਼ਕ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (OICCI) ਦੁਆਰਾ ਕੀਤੇ ਗਏ ਤਾਜ਼ਾ ਸੁਰੱਖਿਆ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ‘ਚ ਸੁਰੱਖਿਆ ਦੀ ਵਿਗੜਦੀ ਸਥਿਤੀ, ਖਾਸ ਕਰ ਕੇ ਕਰਾਚੀ ਅਤੇ ਦੇਸ਼ ਦੇ ਪੱਛਮੀ ਇਲਾਕਿਆਂ ‘ਚ ਨਿਵੇਸ਼ਕਾਂ ਦਾ ਭਰੋਸਾ ਘੱਟ ਕਰ ਰਹੀ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਜੂਨ ‘ਚ ਪਾਕਿਸਤਾਨ ‘ਚ ਕੰਮ ਕਰ ਰਹੇ ਵੱਡੇ ਵਿਦੇਸ਼ੀ ਨਿਵੇਸ਼ਕਾਂ ਵਿਚਾਲੇ ਕੀਤੇ ਗਏ ਸਾਲਾਨਾ OICCI ਸੁਰੱਖਿਆ ਸਰਵੇ 2026 ‘ਚ ਪਾਇਆ ਗਿਆ ਕਿ 71 ਫੀਸਦੀ ਪ੍ਰਮੁੱਖ ਵਿਦੇਸ਼ੀ ਕੰਪਨੀਆਂ ਲਈ ਸੁਰੱਖਿਆ ਹੁਣ ਸਭ ਤੋਂ ਵੱਡੀਆਂ ਤਿੰਨ ਚਿੰਤਾਵਾਂ ‘ਚੋਂ ਇਕ ਬਣ ਗਈ ਹੈ। ਸਰਵੇ ‘ਚ ਸ਼ਾਮਲ ਲੋਕਾਂ ਨੇ ਕਿਹਾ ਕਿ ਕਾਨੂੰਨ-ਵਿਵਸਥਾ ਦੀਆਂ ਲਗਾਤਾਰ ਸਮੱਸਿਆਵਾਂ ਨਿਵੇਸ਼ ਲਿਆਉਣ ਅਤੇ ਬਿਜ਼ਨੈੱਸ ਗਤੀਵਿਧੀਆਂ ਨੂੰ ਵਧਾਉਣ ‘ਚ ਇਕ ਵੱਡੀ ਰੁਕਾਵਟ ਬਣੀ ਹੋਈ ਹੈ। ਸਰਵੇਖਣ ਦੇ ਅੰਕੜੇ ਦੱਸਦੇ ਹਨ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਸੁਰੱਖਿਆ ਦੀ ਸਥਿਤੀ ਬਦਤਰ ਹੋਈ ਹੈ। ਕਰਾਚੀ ‘ਚ 42 ਫੀਸਦੀ, ਕਵੇਟਾ ‘ਚ 81 ਫੀਸਦੀ ਅਤੇ ਬਾਕੀ ਬਲੋਚਿਸਤਾਨ ‘ਚ 86 ਫੀਸਦੀ ਨਿਵੇਸ਼ਕਾਂ ਨੇ ਸੁਰੱਖਿਆ ਦੀ ਸਥਿਤੀ ‘ਚ ਗਿਰਾਵਟ ਦੀ ਗੱਲ ਕਹੀ। ਬਿਜ਼ਨੈੱਸ ਕਰਨ ਵਾਲਿਆਂ ਨੇ ਰੋਜ਼ਾਨਾ ਆਉਣ-ਜਾਣ ਦੌਰਾਨ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦਾ ਜ਼ਿਕਰ ਕੀਤਾ। ‘ਸਟ੍ਰੀਟ ਕ੍ਰਾਈਮ’ (ਸੜਕ ‘ਤੇ ਹੋਣ ਵਾਲੇ ਅਪਰਾਧ) ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕਰਾਚੀ ‘ਚ ਸਰਵੇਖਣ ਕੀਤੀਆਂ ਗਈਆਂ ਅੱਧੀਆਂ ਕੰਪਨੀਆਂ ਦਾ ਮੰਨਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਅਪਰਾਧ ਵਧੇ ਹਨ। ਇਸ ਤੋਂ ਇਲਾਵਾ, ਗੈਰ-ਕਾਨੂੰਨੀ ਪੈਸੇ ਦੀ ਮੰਗ, ਵਿਦੇਸ਼ੀ ਕਰਮਚਾਰੀਆਂ ਦੀ ਸੁਰੱਖਿਆ ਅਤੇ ਵਾਰ-ਵਾਰ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਕੰਮਕਾਜ ‘ਚ ਵੱਡੀਆਂ ਰੁਕਾਵਟਾਂ ਬਣ ਰਹੇ ਹਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ‘ਤੇ ਵੀ ਭਰੋਸਾ ਘੱਟ ਹੋਇਆ ਹੈ। ਪਿਛਲੇ ਸਵਰੇ ਦੀ ਤੁਲਨਾ ‘ਚ ਕਰਾਚੀ ਪੁਲਸ ਅਤੇ ਸਿੰਧ ਪੁਲਸ ਬਾਰੇ ਸਕਾਰਾਤਮਕ ਰਾਏ ‘ਚ ਕਾਫ਼ੀ ਗਿਰਾਵਟ ਆਈ, ਹਾਲਾਂਕਿ ਲੋਕਾਂ ਨੇ ਸਿੰਧ ਰੇਂਜਰਸ ਅਤੇ ਖੈਬਰ ਪਖਤੂਨਖਵਾ ਪੁਲਸ ‘ਤੇ ਬਿਹਤਰ ਭਰੋਸਾ ਜਤਾਇਆ। ਲਗਭਗ 88 ਫੀਸਦੀ ਕੰਪਨੀਆਂ ਦਾ ਕਹਿਣਾ ਹੈ ਕਿ ਮੱਧ ਪੂਰਬ ‘ਚ ਚੱਲ ਰਹੇ ਤਣਾਅ ਕਾਰਨ ਉਨ੍ਹਾਂ ਦੀ ਸਪਲਾਈ ਚੇਨ ਅਤੇ ਵਪਾਰਕ ਗਤੀਵਿਧੀਆਂ ਪ੍ਰਭਾਵਿਤ ਹੋਈਆਂ ਹਨ।

