Dhillon attacks AAP government: ‘Schools of Eminence’ created merely through a fresh coat of paint; education suffers due to teacher shortage
ਢਿੱਲੋਂ ਦਾ ਆਪ ਸਰਕਾਰ ‘ਤੇ ਹਮਲਾ: ਰੰਗ-ਰੋਗਨ ਕਰਕੇ ਬਣਾਏ ਸਕੂਲ ਆਫ ਐਮੀਨੈਂਸ, ਟੀਚਰਾਂ ਦੀ ਕਮੀ ਨਾਲ ਪੜ੍ਹਾਈ ਰੁਲੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਸਿੱਖਿਆ ਕ੍ਰਾਂਤੀ ਦੇ ਨਾਂ ‘ਤੇ ਪੰਜਾਬ ਵਿੱਚ ਵੱਡਾ ਢੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਸੂਬੇ ਵਿੱਚ ਪੁਰਾਣੀਆਂ ਇਮਾਰਤਾਂ ਨੂੰ ਰੰਗ-ਰੋਗਨ ਕਰਕੇ ਸਰਕਾਰ ਵਲੋਂ ਬਣਾਏ ਗਏ ‘ਸਕੂਲ਼ ਆਫ ਐਮੀਨੈਂਸ” ਵਿੱਚ ਅਧਿਆਪਕਾਂ ਅਤੇ ਲੈਕਚਰਾਰਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੋਗਾ ਦੇ ਵਾਰਡ ਨੰਬਰ 1 ਦੇ ‘ਸਕੂਲ਼ ਆਫ ਐਮੀਨੈਂਸ” (ਲੰਡੇਕੇ) ਦੀ ਮਿਸਾਲ ਦਿਦਿੰਆਂ ਕਿਹਾ ਕਿ ਲੈਕਚਰਾਰਾਂ ਦੀ ਘਾਟ ਕਾਰਨ ਸਕੂਲ਼ ਵਿੱਚ ਮੈਡੀਕਲ ਅਤੇ ਨਾਨ-ਮੈਡੀਕਲ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ। ਢਿੱਲੋਂ ਨੇ ਕਿਹਾ ਕਿ ਇਸੇ ਸਕੂਲ਼ ਵਿੱਚ ਪੈਸੇ ਦੀ ਅਦਾਇਗੀ ਨਾ ਹੋਣ ਕਾਰਨ ਬੱਸ ਮਾਲਕਾਂ ਨੇ ਵਿਦਿਆਰਥੀਆਂ ਨੂੰ ਲਿਆਉਣ ਵਾਲੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ। ਜਿਸ ਨਾਲ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਫੋਕੀ ਬਿਆਨਬਾਜ਼ੀ ਛੱਡ ਕੇ ਸਕੂਲੀ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਅਧਿਆਪਕਾਂ ਦਾ ਪ੍ਰਬੰਧ ਕਰੇ ਅਤੇ ਸਕੂਲੀ ਬੱਸਾਂ ਦੇ ਕਿਰਾਏ ਦੀ ਤੁਰੰਤ ਅਦਾਇਗੀ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਝੂਠੇ ਵਾਅਦੇ ਹੁਣ ਲੋਕਾਂ ਸਾਹਮਣੇ ਆਉਣ ਲੱਗੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰ ਨੂੰ ਇਸ ਦਾ ਜਵਾਬ ਦੇਣ ਪਵੇਗਾ।

