Draft voter list released after SIR in Delhi, more than 47 lakh names removed
ਦਿੱਲੀ ’ਚ ਐੱਸ. ਆਈ. ਆਰ. ਪਿੱਛੋਂ ਡਰਾਫਟ ਵੋਟਰ ਲਿਸਟ ਜਾਰੀ, 47 ਲੱਖ ਤੋਂ ਵੱਧ ਨਾਂ ਹਟਾਏ ਗਏ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਵਿਚ ਐੱਸ. ਆਈ. ਆਰ. (ਵਿਸ਼ੇਸ਼ ਡੂੰਘੀ ਮੁੜ-ਜਾਂਚ) ਪ੍ਰਕਿਰਿਆ ਤੋਂ ਬਾਅਦ ਡਰਾਫਟ ਵੋਟਰ ਲਿਸਟ ਸੋਮਵਾਰ ਨੂੰ ਜਾਰੀ ਕਰ ਦਿੱਤੀ ਗਈ ਹੈ। ਇਸ ਵਿਚ ਕੌਮੀ ਰਾਜਧਾਨੀ ਦੇ 1.45 ਕਰੋੜ ਵੋਟਰਾਂ ਵਿਚੋਂ 47.7 ਲੱਖ ਦੇ ਨਾਂ ਕੱਟ ਦਿੱਤੇ ਗਏ ਹਨ। ਜਿਨ੍ਹਾਂ ਲੋਕਾਂ ਦੇ ਨਾਂ ਸੂਚੀ ਵਿਚ ਨਹੀਂ ਹਨ, ਉਹ 31 ਅਗਸਤ ਤੋਂ 30 ਸਤੰਬਰ ਤੱਕ ਦਾਅਵਾ ਦਾਖ਼ਲ ਕਰ ਕੇ ਨਾਂ ਸ਼ਾਮਲ ਕਰਵਾਉਣ ਦੀ ਬੇਨਤੀ ਕਰ ਸਕਦੇ ਹਨ। ਅੰਤਿਮ ਵੋਟਰ ਸੂਚੀ 4 ਨਵੰਬਰ ਨੂੰ ਜਾਰੀ ਕੀਤੀ ਜਾਵੇਗੀ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਨਾਂ ਸ਼ਾਮਲ ਨਹੀਂ ਹਨ, ਉਹ ਫ਼ਾਰਮ-6 ਅਤੇ ਸਬੰਧਤ ਦਸਤਾਵੇਜ਼ਾਂ ਰਾਹੀਂ 30 ਸਤੰਬਰ ਤੱਕ ਆਪਣੇ ਦਾਅਵੇ ਦਾਖ਼ਲ ਕਰ ਸਕਦੇ ਹਨ। ਚੋਣ ਕਮਿਸ਼ਨ ਦੇ ਸੋਧੇ ਹੋਏ ਪ੍ਰੋਗਰਾਮ ਅਨੁਸਾਰ ਦਾਅਵਿਆਂ ਤੇ ਇਤਰਾਜ਼ਾਂ ਦੀ ਜਾਂਚ ਕੀਤੀ ਜਾਵੇਗੀ। ਨੋਟਿਸ ਅਤੇ ਨਿਪਟਾਰੇ ਦੀ ਪ੍ਰਕਿਰਿਆ 29 ਅਕਤੂਬਰ ਤੱਕ ਜਾਰੀ ਰਹੇਗੀ। ਇਸ ਲਈ ਉਨ੍ਹਾਂ ਨੂੰ ਨਿਰਧਾਰਤ ਐਲਾਨਨਾਮਾ ਅਤੇ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਫ਼ਾਰਮ-6 ਜਮ੍ਹਾ ਕਰਵਾਉਣਾ ਪਵੇਗਾ। ਜਿਹੜੇ ਲੋਕ ਸਥਾਈ ਤੌਰ ’ਤੇ ਆਪਣਾ ਨਿਵਾਸ ਸਥਾਨ ਬਦਲ ਚੁੱਕੇ ਹਨ ਅਤੇ ਨਵੇਂ ਚੋਣ ਹਲਕੇ ਵਿਚ ਨਾਂ ਟਰਾਂਸਫਰ ਕਰਵਾਉਣਾ ਚਾਹੁੰਦੇ ਹਨ, ਉਹ ਨਵੇਂ ਪਤੇ ਵਾਲੇ ਖੇਤਰ ਵਿਚ ਫ਼ਾਰਮ-6 ਜਮ੍ਹਾ ਕਰਵਾ ਸਕਦੇ ਹਨ।

