Drug Control Officer raids Jholachap doctor’s clinic, seizes 12 types of medicines
ਝੋਲਾਛਾਪ ਡਾਕਟਰ ਦੇ ਕਲੀਨਿਕ ‘ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12 ਤਰ੍ਹਾਂ ਦੀਆਂ ਦਵਾਈਆਂ ਜ਼ਬਤ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਪਿੰਡ ਤਾਜਪੁਰ ਵਿਚ ਬਿਨਾਂ ਡਿਗਰੀ ਦੇ ਪ੍ਰੈਕਟਿਸ ਕਰ ਰਹੇ ਝੋਲਾਛਾਪ ਡਾਕਟਰ ਦੇ ਕਲੀਨਿਕ ’ਤੇ ਸ਼ਨੀਵਾਰ ਨੂੰ ਡਰੱਗ ਕੰਟਰੋਲ ਅਫਸਰ ਨੇ ਥਾਣਾ ਲਾਂਬੜਾ ਦੀ ਪੁਲਸ ਨਾਲ ਮਿਲ ਕੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਡਰੱਗ ਕੰਟਰੋਲ ਅਫਸਰ ਨੂੰ ਪੁਲਸ ਥਾਣਾ ਲਾਂਬੜਾ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਤਾਜਪੁਰ ਵਿਚ ਇਕ ਵਿਅਕਤੀ ਬਿਨਾਂ ਕਿਸੇ ਡਿਗਰੀ ਦੇ ਕਲੀਨਿਕ ਚਲਾ ਰਿਹਾ ਹੈ। ਇਸੇ ਸੂਚਨਾ ਦੇ ਆਧਾਰ ’ਤੇ ਡਰੱਗ ਕੰਟਰੋਲ ਅਫਸਰ ਅਮਿਤ ਬਾਂਸਲ ਨੇ ਥਾਣਾ ਲਾਂਬੜਾ ਦੀ ਪੁਲਸ ਨਾਲ ਮਿਲ ਕੇ ਉਕਤ ਝੋਲਾਛਾਪ ਡਾਕਟਰ ਦੀ ਕਲੀਨਿਕ ’ਤੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੂੰ 12 ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਮਿਲੀਆਂ। ਇਨ੍ਹਾਂ ਵਿਚੋਂ ਲਗਭਗ 413 ਗੋਲੀਆਂ ਅਜਿਹੀਆਂ ਸਨ, ਜਿਨ੍ਹਾਂ ਦੀ ਵਰਤੋਂ ਨਸ਼ੇ ਲਈ ਵੀ ਕੀਤੀ ਜਾਂਦੀ ਹੈ। ਕਲੀਨਿਕ ’ਤੇ ਬੈਠੇ ਵਿਅਕਤੀ ਨਿਰਮਲਦੀਪ ਪੁੱਤਰ ਤਰਸੇਮ ਲਾਲ ਕੋਲ ਨਾ ਤਾਂ ਕੋਈ ਡਿਗਰੀ, ਨਾ ਡਰੱਗ ਲਾਇਸੈਂਸ ਅਤੇ ਨਾ ਹੀ ਉਥੇ ਪਈਆਂ ਦਵਾਈਆਂ ਦਾ ਕੋਈ ਪ੍ਰਚੇਜ਼ ਰਿਕਾਰਡ ਸੀ। ਡਰੱਗ ਕੰਟਰੋਲ ਅਫਸਰ ਨੇ ਸਾਰੀਆਂ ਦਵਾਈਆਂ ਆਪਣੇ ਕਬਜ਼ੇ ਵਿਚ ਲੈ ਲਈਆਂ ਅਤੇ ਹੁਣ ਉਕਤ ਵਿਅਕਤੀ ਖ਼ਿਲਾਫ਼ ਡਰੱਗਜ਼ ਐਂਡ ਕਾਸਮੈਟਿਕਸ ਐਕਟ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

