Drug smugglers fired indiscriminate bullets at Punjab Police, head constable and a girl were hit by bullets
ਪੰਜਾਬ ਪੁਲਸ ‘ਤੇ ਨਸ਼ਾ ਤਸਕਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਹੈੱਡ ਕਾਂਸਟੇਬਲ ਤੇ ਇਕ ਕੁੜੀ ਨੂੰ ਲੱਗੀ ਗੋਲੀ
ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਤਰਨਤਾਰਨ ਦੇ ਮੁਹੱਲਾ ਮੁਰਾਦਪੁਰਾ ‘ਚ ਦੇਰ ਰਾਤ ਪੁਲਸ ਅਤੇ ਨਸ਼ਾ ਤਸਕਰਾਂ ਵਿਚਾਲੇ ਇੱਕ ਦਰਜਨ ਤੋਂ ਵੱਧ ਗੋਲੀਆਂ ਚੱਲਣ ਦੀ ਸੂਚਨਾ ਹੈ। ਇਸ ਮੁੱਠਭੇੜ ਦੌਰਾਨ ਪੁਲਸ ਦਾ ਹੈੱਡ ਕਾਂਸਟੇਬਲ ਅਤੇ ਇੱਕ 3 ਸਾਲ ਦੀ ਬੱਚੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਟੀਮ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਮੁਰਾਦਪੁਰਾ ਗਈ ਸੀ। ਇਸ ਦੌਰਾਨ ਤਸਕਰਾਂ ਨੇ ਪੁਲਸ ਟੀਮ ‘ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਆਂ ਚਲਾਈਆਂ।ਗੋਲੀਬਾਰੀ ਦੌਰਾਨ ਥਾਣਾ ਸਿਟੀ ਦੇ ਮੁਖੀ ਦੇ ਗਨਮੈਨ ਹੈੱਡ ਕਾਂਸਟੇਬਲ ਭੁਪਿੰਦਰ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਇੱਕ ਤਿੰਨ ਸਾਲਾ ਬੱਚੀ ਪੂਜਾ ਦੀ ਬਾਂਹ ਨੂੰ ਵੀ ਗੋਲੀ ਆਰ-ਪਾਰ ਕਰ ਗਈ। ਦੋਵਾਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਤੋਂ ਬਾਅਦ ਨਸ਼ਾ ਤਸਕਰ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਪੁਲਸ ਨੇ ਇਲਾਕੇ ‘ਚ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਲਾਕੇ ‘ਚ ਇਸ ਗੋਲੀਬਾਰੀ ਕਾਰਨ ਦਹਿਸ਼ਤ ਦਾ ਮਾਹੌਲ ਹੈ।

