Earthquake havoc in Panama! Over 100 tremors in 18 hours; 400 buildings damaged
ਪਨਾਮਾ ‘ਚ ਭੂਚਾਲ ਦਾ ਕਹਿਰ ! 18 ਘੰਟੇ ‘ਚ ਲੱਗੇ 100 ਤੋਂ ਵੱਧ ਝਟਕੇ, 400 ਇਮਾਰਤਾਂ ਨੂੰ ਪੁੱਜਾ ਨੁਕਸਾਨ
Panama, (ਆਵਾਜ਼ਿ ਕੌਮ ਬਿਊਰੋ)-ਪਨਾਮਾ ‘ਚ ਆਏ 7.6 ਤੀਬਰਤਾ ਦੇ ਭੂਚਾਲ ਨਾਲ ਭਾਰੀ ਨੁਕਸਾਨ ਹੋਇਆ ਹੈ। ਹੁਣ ਤੱਕ 27 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਭੂਚਾਲ ਦਾ ਕੇਂਦਰ ਰਾਜਧਾਨੀ ਪਨਾਮਾ ਸਿਟੀ ਤੋਂ ਕਰੀਬ 200 ਕਿਲੋਮੀਟਰ ਦੂਰ ਅਜ਼ੂਏਰੋ ਪ੍ਰਾਇਦੀਪ ਦੇ ਨੇੜੇ ਸੀ। ਇਸ ਜ਼ਬਰਦਸਤ ਭੂਚਾਲ ਤੋਂ ਬਾਅਦ 18 ਘੰਟਿਆਂ ਵਿਚ 100 ਤੋਂ ਵੱਧ ਛੋਟੇ ਝਟਕੇ ਮਹਿਸੂਸ ਕੀਤੇ ਗਏ। 400 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਲੋਕ ਡਰ ਦੇ ਮਾਰੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ। ਭੂਚਾਲ ਤੋਂ ਬਾਅਦ ਸੁਨਾਮੀ ਦੇ ਖ਼ਤਰੇ ਨੂੰ ਦੇਖਦੇ ਹੋਏ 9 ਦੇਸ਼ਾਂ ਨੇ ਚਿਤਾਵਨੀ ਜਾਰੀ ਕੀਤੀ ਸੀ। ਹਾਲਾਂਕਿ, ਕੁਝ ਘੰਟਿਆਂ ਬਾਅਦ ਇਸ ਨੂੰ ਵਾਪਸ ਲੈ ਲਿਆ ਗਿਆ। ਪ੍ਰਸ਼ਾਸਨ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਕਮਜ਼ੋਰ ਇਮਾਰਤਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਪਨਾਮਾ ਦੀ ਨਾਗਰਿਕ ਸੁਰੱਖਿਆ ਏਜੰਸੀ ਦੇ ਮੁਤਾਬਕ, ਵੇਰਾਗੁਆਸ, ਹੇਰੇਰਾ ਅਤੇ ਲਾਸ ਸੈਂਤੋਸ ਸਮੇਤ ਕਈ ਸੂਬਿਆਂ ਵਿਚ ਨੁਕਸਾਨ ਹੋਇਆ। ਪੇਨੋਨੋਮੇ ਸ਼ਹਿਰ ਵਿਚ ਇਕ ਚਰਚ ਦਾ ਘੰਟਾਘਰ ਡਿੱਗ ਗਿਆ ਅਤੇ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਵੇਰਾਗੁਆਸ ਵਿਚ ਸੜਕਾਂ ’ਤੇ ਤਰੇੜਾਂ ਆਉਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ। ਨਾਗਰਿਕ ਸੁਰੱਖਿਆ ਸੇਵਾ ਦੇ ਅਧਿਕਾਰੀ ਮੁਤਾਬਕ, ਕਈ ਲੋਕ ਜ਼ਖਮੀ ਹੋਏ ਹਨ।

