Major discrepancy in the voter list! Martyr Bhagat Singh’s photo placed next to a voter’s name; former MLA raises questions
ਵੋਟਰ ਲਿਸਟ ‘ਚ ਵੱਡੀ ਗੜਬੜੀ! ਵੋਟਰ ਦੇ ਨਾਂ ਅੱਗੇ ਲਗਾਈ ਸ਼ਹੀਦ ਭਗਤ ਸਿੰਘ ਦੀ ਫੋਟੋ, ਸਾਬਕਾ MLA ਨੇ ਚੁੱਕੇ ਸਵਾਲ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਮਹਾਨਗਰ ਦੇ ਲੁਧਿਆਣਾ (ਪੂਰਬੀ) ਵਿਧਾਨ ਸਭਾ ਹਲਕੇ ਲਈ ਅਧਿਕਾਰਤ ਵੋਟਰ ਸੂਚੀ ‘ਚ ਚੋਣ ਵਿਭਾਗ ਵੱਲੋਂ ਘੋਰ ਲਾਪਰਵਾਹੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਏ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਇਕ ਫੋਟੋ ਹਲਕੇ ਦੇ ਇਕ ਪੋਲਿੰਗ ਸਟੇਸ਼ਨ ‘ਤੇ ਵੋਟਰ ਸੂਚੀ ਵਿਚ ਇਕ ਆਮ ਵੋਟਰ ਦੇ ਨਾਮ ਅੱਗੇ ਲਗਾ ਦਿੱਤੀ ਗਈ। ਇਸ ਵੱਡੀ ਪ੍ਰਸ਼ਾਸਕੀ ਕੁਤਾਹੀ ਨੇ ਰਾਜਨੀਤਿਕ ਹਲਕਿਆਂ ‘ਚ ਹਲਚਲ ਮਚਾ ਦਿੱਤੀ ਹੈ। ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਸੰਜੇ ਤਲਵਾੜ ਨੇ ਚੋਣ ਅਧਿਕਾਰੀਆਂ ਦੇ ਕੰਮਕਾਜ ‘ਤੇ ਗੰਭੀਰ ਸਵਾਲ ਚੁੱਕੇ ਹਨ ਅਤੇ ਪੂਰੇ ਵਿਧਾਨ ਸਭਾ ਹਲਕੇ ਲਈ ਵੋਟਰ ਸੂਚੀਆਂ ਦੀ ਪੂਰੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਇਹ ਮਾਮਲਾ ਬੂਥ ਨੰਬਰ 38 ਦੀ ਵੋਟਰ ਸੂਚੀ ਨਾਲ ਸਬੰਧਤ ਹੈ, ਜੋਕਿ ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦਾ ਹੈ। ਬੂਥ ਦੀ ਵੋਟਰ ਸੂਚੀ ਦੇ ਸੀਰੀਅਲ ਨੰਬਰ 422 ‘ਤੇ ਅਮਨ ਕੁਮਾਰ ਨਾਮ ਦੇ ਇਕ ਵੋਟਰ ਦਾ ਨਾਮ ਦਰਜ ਹੈ। ਹੈਰਾਨੀ ਦੀ ਗੱਲ ਹੈ ਕਿ ਅਮਨ ਕੁਮਾਰ ਦੀ ਅਸਲ ਫੋਟੋ ਦੀ ਬਜਾਏ, ਉਥੇ ਸ਼ਹੀਦ ਭਗਤ ਸਿੰਘ ਦੀ ਇਕ ਜਾਣੀ-ਪਛਾਣੀ ਫੋਟੋ ਵਿਖਾਈ ਗਈ ਹੈ। ਚੋਣ ਕਮਿਸ਼ਨ ਦੇ ਵੋਟਰ ਸੂਚੀਆਂ ਨੂੰ ਠੀਕ ਕਰਨ ਦੇ ਉੱਚੇ-ਸੁੱਚੇ ਦਾਅਵਿਆਂ ਦੇ ਵਿਚਕਾਰ ਅਜਿਹੀ ਗਲਤੀ ਦਾ ਪਤਾ ਲੱਗਣ ਨਾਲ ਅਧਿਕਾਰੀਆਂ ਦੀ ਲਾਪਰਵਾਹੀ ‘ਤੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ। ਇਸ ਮੁੱਦੇ ਦਾ ਪਰਦਾਫਾਸ਼ ਕਰਦੇ ਹੋਏ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਨੇ ਦਾਅਵਾ ਕੀਤਾ ਕਿ ਲਾਪਰਵਾਹੀ ਸਿਰਫ਼ ਇਕ ਨਾਮ ਤੱਕ ਸੀਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਇਕੱਲੇ ਬੂਥ ਨੰਬਰ 38 ‘ਤੇ ਹੀ ਘੱਟੋ-ਘੱਟ 8 ਹੋਰ ਸੀਰੀਅਲ ਨੰਬਰਾਂ ‘ਤੇ ਵੋਟਰਾਂ ਦੀਆਂ ਫੋਟੋਆਂ ਗਲਤ ਅਤੇ ਸ਼ੱਕੀ ਪਾਈਆਂ ਗਈਆਂ। ਤਲਵਾੜ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਸਥਾਨਕ ਚੋਣ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੁਧਿਆਣਾ ਪੂਰਬੀ ਹਲਕੇ ਦੇ ਸਾਰੇ 235 ਪੋਲਿੰਗ ਬੂਥਾਂ ਲਈ ਵੋਟਰ ਸੂਚੀਆਂ ਦਾ ਉੱਚ-ਪੱਧਰੀ ਅਤੇ ਪਾਰਦਰਸ਼ੀ ਆਡਿਟ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸੂਚੀਆਂ ‘ਚ ਸਾਰੀਆਂ ਗਲਤ ਫੋਟੋਆਂ ਅਤੇ ਗਲਤੀਆਂ ਨੂੰ ਤੁਰੰਤ ਠੀਕ ਕੀਤਾ ਜਾਵੇ ਅਤੇ ਲੋਕਤੰਤਰੀ ਪ੍ਰਕਿਰਿਆ ਦੀ ਭਰੋਸੇਯੋਗਤਾ ਬਣਾਈ ਰੱਖਣ ਲਈ ਜਾਂਚ ਦੇ ਨਤੀਜੇ ਜਨਤਕ ਕੀਤੇ ਜਾਣ। ਈ. ਆਰ. ਓ. ਤੋਂ ਰਿਪੋਰਟ ਮੰਗੀ ਜਾਵੇਗੀ, ਤੱਥਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ: ਡੀ. ਸੀ ਹਿਮਾਂਸ਼ੂ ਜੈਨ ਵੋਟਰ ਸੂਚੀ ‘ਚ ਸ਼ਹੀਦ ਭਗਤ ਸਿੰਘ ਦੀ ਫੋਟੋ ਆਉਣ ਦੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਪ੍ਰਸ਼ਾਸਨਿਕ ਸਟਾਫ਼ ਵੀ ਹਰਕਤ ‘ਚ ਆ ਗਿਆ ਹੈ। ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਸਬੰਧ ‘ਚ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ (ਈ. ਆਰ. ਓ) ਤੋਂ ਵਿਸਤ੍ਰਿਤ ਰਿਪੋਰਟ ਮੰਗਣਗੇ। ਡੀ. ਸੀ. ਨੇ ਭਰੋਸਾ ਦਿੱਤਾ ਕਿ ਪੂਰੀ ਜਾਂਚ ਤੋਂ ਬਾਅਦ ਨਿਯਮਾਂ ਅਨੁਸਾਰ ਜ਼ਰੂਰੀ ਸੁਧਾਰਾਤਮਕ ਅਤੇ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇਗੀ।

