Suspect who took 13 students hostage at Brazilian school killed in police operation
ਬ੍ਰਾਜ਼ੀਲ ਦੇ ਸਕੂਲ ’ਚ 13 ਜਵਾਕਾਂ ਨੂੰ ਬੰਧਕ ਬਣਾਉਣ ਵਾਲਾ ਸ਼ੱਕੀ ਪੁਲਸ ਕਾਰਵਾਈ ‘ਚ ਢੇਰ
Brazil, (ਆਵਾਜ਼ਿ ਕੌਮ ਬਿਊਰੋ)-ਬ੍ਰਾਜ਼ੀਲ ਦੇ ਦੱਖਣੀ ਖੇਤਰ ਵਿਚ ਸਥਿਤ ਇਕ ਸ਼ਹਿਰ ਦੇ ਇਕ ਸਕੂਲ ’ਚ 13 ਬੱਚਿਆਂ ਨੂੰ 2 ਘੰਟੇ ਤੋਂ ਵੱਧ ਸਮੇਂ ਤੱਕ ਬੰਧਕ ਬਣਾਉਣ ਵਾਲੇ ਸ਼ੱਕੀ ਦੀ ਪੁਲਸ ਕਾਰਵਾਈ ’ਚ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਚ ਕਿਸੇ ਵੀ ਬੱਚੇ ਦੇ ਜ਼ਖਮੀ ਜਾਂ ਨੁਕਸਾਨੇ ਜਾਣ ਦੀ ਖ਼ਬਰ ਨਹੀਂ ਹੈ। ਇਹ ਘਟਨਾ ਸਾਓ ਪਾਓਲੋ ਤੋਂ 400 ਕਿਲੋਮੀਟਰ ਦੱਖਣ ਵਿਚ ਸਥਿਤ ਕੁਰੀਤੀਬਾ ਸ਼ਹਿਰ ਦੇ ਸਾਓ ਬਰਾਜ ਨਾਂ ਦੇ ਮੱਧਵਰਗੀ ਇਲਾਕੇ ਵਿਚ ਹੋਈ। ਪੁਲਸ ਦੀ ਬੁਲਾਰਨ ਲੇਟੀਸ਼ੀਆ ਮਾਰਟਿਨਜ਼ ਨੇ ਸਕੂਲ ਸੀ. ਐੱਮ. ਈ. ਆਈ. ਸਾਓ ਬਰਾਜ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੱਕੀ ਇਕ ਜਮਾਤ ਵਿਚ ਵੜ ਗਿਆ ਅਤੇ ਬੱਚਿਆਂ ਤੇ ਕਰਮਚਾਰੀਆਂ ਨੂੰ ਦੋ ਘੰਟੇ ਤੱਕ ਬੰਧਕ ਬਣਾਈ ਰੱਖਿਆ। ਮਾਰਟਿਨਜ਼ ਨੇ ਕਿਹਾ, ‘‘ਸ਼ੱਕੀ ਨੇ ਆਪਣੇ ਆਪ ਅਤੇ ਦੂਜਿਆਂ ਉੱਤੇ ਪੈਟਰੋਲ ਛਿੜਕਣ ਦੀ ਧਮਕੀ ਵੀ ਦਿੱਤੀ ਸੀ। ਸਾਡੀ ਟੀਮ ਮੌਕੇ ’ਤੇ ਮੌਜੂਦ ਸੀ ਪਰ ਅੰਤ ਵਿਚ ਉਸ ਨੂੰ ਮਾਰ ਦੇਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਸੀ।’’

