Ebola outbreak continues unabated, death toll in Congo tops 1,000
ਨਹੀਂ ਰੁਕ ਰਿਹਾ ਇਬੋਲਾ ਦਾ ਕਹਿਰ ! ਕਾਂਗੋ ‘ਚ 1,000 ਤੱਕ ਪੁੱਜੀ ਮ੍ਰਿਤਕਾਂ ਦੀ ਗਿਣਤੀ
Cango, (ਆਵਾਜ਼ਿ ਕੌਮ ਬਿਊਰੋ)-ਅਫਰੀਕੀ ਦੇਸ਼ ਕਾਂਗੋ ‘ਚ ਫੈਲੇ ਇਬੋਲਾ ਵਾਇਰਸ ਦਾ ਕਹਿਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਦੌਰਾਨ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1,000 ਤੱਕ ਪਹੁੰਚ ਗਈ ਹੈ। ਬੁੱਧਵਾਰ ਤੜਕੇ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਮੁਤਾਬਕ, ਇਸ ਵਾਇਰਸ ਕਾਰਨ ਘੱਟੋ-ਘੱਟ 999 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਮਗਰੋਂ ਇਸ ਨੂੰ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਇਬੋਲਾ ਆਉਟਬ੍ਰੇਕ ਐਲਾਨ ਦਿੱਤਾ ਗਿਆ ਹੈ। ਕਾਂਗੋ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ, ਐਤਵਾਰ ਤੱਕ ਦੇਸ਼ ‘ਚ ਇਬੋਲਾ ਦੇ ਕੁੱਲ 2,473 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ‘ਚੋਂ 999 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 15 ਮਈ ਨੂੰ ਐਲਾਨਿਆ ਗਿਆ ਇਹ ਆਉਟਬ੍ਰੇਕ ਪਹਿਲਾਂ ਨਾਲੋਂ ਜ਼ਿਆਦਾ ਘਾਤਕ ਹੈ ਕਿਉਂਕਿ ਇਸ ਵਾਰ ਫੈਲ ਰਹੇ ‘ਬੁੰਡੀਬੁਗਯੋ ਵਾਇਰਸ’ ਲਈ ਫਿਲਹਾਲ ਕੋਈ ਵੀ ਪ੍ਰਮਾਣਤ ਵੈਕਸੀਨ ਜਾਂ ਪੱਕਾ ਇਲਾਜ ਮੌਜੂਦ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਵਾਇਰਸ ਨੇ ਪਿਛਲੇ ਸਾਰੇ ਰਿਕਾਰਡਾਂ ਨਾਲੋਂ ਬਹੁਤ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਇਸ ਤੋਂ ਪਹਿਲਾਂ 2013-2016 ਦੌਰਾਨ ਆਏ ਸਭ ਤੋਂ ਗੰਭੀਰ ਇਬੋਲਾ ਆਉਟਬ੍ਰੇਕ, ਜਿਸ ‘ਚ 28,000 ਪੀੜਤਾਂ ‘ਚੋਂ 11,000 ਤੋਂ ਵੱਧ ਦੀ ਮੌਤ ਹੋ ਗਈ ਸੀ, ਨੂੰ 1,000 ਮੌਤਾਂ ਦੇ ਅੰਕੜੇ ਤੱਕ ਪਹੁੰਚਣ ਲਈ ਲਗਭਗ 8 ਮਹੀਨੇ ਲੱਗੇ ਸਨ, ਜਦਕਿ ਮੌਜੂਦਾ ਆਊਟਬ੍ਰੇਕ ਨੇ ਇਹ ਅੰਕੜਾ ਬਹੁਤ ਘੱਟ ਸਮੇਂ ਵਿੱਚ ਛੂਹ ਲਿਆ ਹੈ।

