ED raids TDI Group in Manesar land scam; luxury vehicles seized
ਮਾਨੇਸਰ ਜ਼ਮੀਨ ਘਪਲੇ ’ਚ TDI ਗਰੁੱਪ ’ਤੇ ਈ. ਡੀ. ਦੀ ਛਾਪੇਮਾਰੀ, ਲਗਜਰੀ ਗੱਡੀਆਂ ਜ਼ਬਤ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਚੰਡੀਗੜ੍ਹ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਾਨੇਸਰ ਜ਼ਮੀਨ ਘਪਲੇ ’ਚ ਬਿਲਡਰ ਕੰਪਨੀਆਂ ਟੀ. ਡੀ.ਆਈ. ਇਨਫਰਾਸਟਰਕਚਰ ਅਤੇ ਟੀ.ਡੀ.ਆਈ. ਇੰਫਰਾਟੈਕ ਦੇ ਗਰੁੱਪ ਚੇਅਰਮੈਨ ਰਵਿੰਦਰ ਤਨੇਜਾ ਸਮੇਤ ਹੋਰ ਅਧਿਕਾਰੀਆਂ ਦੇ ਦਿੱਲੀ, ਗੁਰੂਗ੍ਰਾਮ ਅਤੇ ਮੋਹਾਲੀ ਠਿਕਾਣਿਆਂ ’ਤੇ ਛਾਪੇਮਾਰੀ ਕੀਤੀ। ਈ.ਡੀ. ਨੇ ਟੀ.ਡੀ.ਆਈ. ਗਰੁੱਪ ਦੇ ਠਿਕਾਣਿਆਂ ਤੋਂ 8 ਕਰੋੜ ਰੁਪਏ ਦੀਆਂ ਲਗਜ਼ਰੀ ਗੱਡੀਆਂ ਜ਼ਬਤ ਕੀਤੀਆਂ ਹਨ। ਇਨ੍ਹਾਂ ’ਚ ਰੇਂਜ ਰੋਵਰ, ਮਰਸੀਡੀਜ਼ ਬੈਂਜ਼, ਲੈਕਸਸ ਸਮੇਤ ਹੋਰ ਲਗਜ਼ਰੀ ਗੱਡੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਮਨੀ ਲਾਂਡਰਿੰਗ ਨਾਲ ਸਬੰਧਿਤ ਕਈ ਡਿਜੀਟਲ ਅਤੇ ਵਿੱਤੀ ਦਸਤਾਵੇਜ਼ ਜ਼ਬਤ ਕੀਤੇ ਹਨ। ਇਹ ਮਾਮਲਾ ਗੁਰੂਗ੍ਰਾਮ ਦੇ ਤਿੰਨ ਖੇਤਰਾਂ ਮਾਨੇਸਰ, ਨੌਰੰਗਪੁਰ ਅਤੇ ਲਖਨੌਲਾ ਨਾਲ ਸਬੰਧਿਤ ਹੈ। ਸਾਲ 2005 ਤੋਂ 2007 ਦੇ ਵਿਚਕਾਰ ਇਨ੍ਹਾਂ ਖੇਤਰਾਂ ’ਚ ਜ਼ਮੀਨ ਐਕਵਾਇਰ ਦਾ ਕੰਮ ਚੱਲ ਰਿਹਾ ਸੀ, ਉਦੋਂ ਟੀ. ਡੀ. ਆਈ. ਗਰੁੱਪ ਨੇ ਤਿੰਨ ਕਾਗ਼ਜੀ ਕੰਪਨੀਆਂ (ਇੰਡੋ ਏਸ਼ੀਅਨ ਕੰਸਟਰਕਸ਼ਨ, ਐੱਨ. ਸੀ. ਆਰ. ਪ੍ਰਾਪਰਟੀਜ਼ ਅਤੇ ਦਿੱਵਿਆ ਜਿਓਤੀ ਐਂਟਰਪ੍ਰਾਈਜ਼ਿਜ਼) ਬਣਾ ਕੇ ਕਿਸਾਨਾਂ ਤੋਂ 33 ਏਕੜ ਜ਼ਮੀਨ ਸਸਤੇ ’ਚ ਖ਼ਰੀਦ ਲਈ। ਬਾਅਦ ’ਚ ਉਹੀ ਜ਼ਮੀਨ ਅਤੁਲ ਬਾਂਸਲ ਗਰੁੱਪ ਨੂੰ ਭਾਰੀ ਮੁਨਾਫ਼ੇ ’ਤੇ ਵੇਚ ਦਿੱਤੀ ਗਈ। 2015 ’ਚ ਸੀ.ਬੀ.ਆਈ. ਨੇ ਇਸ ਮਾਮਲੇ ’ਚ ਐੱਫ.ਆਈ.ਆਰ. ਦਰਜ ਕੀਤੀ, ਜਿਸ ਦੇ ਆਧਾਰ ’ਤੇ ਈ.ਡੀ. ਨੇ ਜਾਂਚ ਸ਼ੁਰੂ ਕੀਤੀ ਸੀ। ਈ. ਡੀ. ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਟੀ. ਡੀ.ਆਈ. ਗਰੁੱਪ ਦੇ ਪ੍ਰਮੋਟਰਾਂ ਦੇ ਖੇਤਰਾਂ ਤੋਂ ਜ਼ਬਤ ਕੀਤੀਆਂ ਗਈਆਂ ਲਗਜ਼ਰੀ ਗੱਡੀਆਂ ’ਚ ਅੰਤਰਰਾਸ਼ਟਰੀ ਬ੍ਰਾਂਡਸ ਦੇ ਬਹੁਤ ਮਹਿੰਗੇ ਮਾਡਲ ਸ਼ਾਮਲ ਹਨ। ਰੇਂਜ ਰੋਵਰ ਦੀ ਅਨੁਮਾਨਿਤ ਕੀਮਤ ਲਗਭਗ 4.50 ਕਰੋੜ ਰੁਪਏ ਹੈ। ਮਰਸਡੀਜ਼-ਬੈਂਜ਼ ਐੱਸ-ਕਲਾਸ ਲਗਜ਼ਰੀ ਸੇਡਾਨ ਦੀ ਕੀਮਤ ਲਗਭਗ 1.80 ਕਰੋੜ ਰੁਪਏ ਹੈ। ਮਰਸੀਡੀਜ਼-ਬੈਂਜ਼ ਈ-ਕਲਾਸ ਦੀ ਕੀਮਤ ਲਗਭਗ 90 ਲੱਖ ਰੁੱਪਏ ਦਾ ਅਨੁਮਾਨ ਹੈ। ਲੈਕਸਸ ਈ.ਐਸ., ਟੀ.ਡੀ.ਆਈ. ਗਰੁੱਪ ਦੇ ਠਿਕਾਣੇ ਤੋਂ 72 ਲੱਖ ਰੁਪਏ ਦੀ ਇਹ ਪ੍ਰੀਮੀਅਮ ਕਾਰ ਵੀ ਕਬਜੇ ’ਚ ਲਈ ਗਈ ਹੈ।

