Two Punjabi girls stranded in Oman return home safely; recount their ordeal
ਓਮਾਨ ’ਚ ਫਸੀਆਂ ਦੋ ਪੰਜਾਬੀ ਕੁੜੀਆਂ ਦੀ ਸੁਰੱਖਿਅਤ ਘਰ ਵਾਪਸੀ, ਸੁਣਾਈ ਹੱਡਬੀਤੀ
ਸੁਲਤਾਨਪੁਰ ਲੋਧੀ (ਆਵਾਜ਼ਿ ਕੌਮ ਬਿਊਰੋ)-ਓਮਾਨ ਦੇ ਮਸਕਟ ਵਿਚ ਫਸੀਆਂ ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਦੀਆਂ ਦੋ ਪੰਜਾਬੀ ਕੁੜੀਆਂ ਦੀ ਸੁਰੱਖਿਅਤ ਘਰ ਵਾਪਸੀ ਹੋਈ ਹੈ। ਇਹ ਦੋਵੇ ਲੜਕੀਆਂ ਇਸੇ ਸਾਲ ਮਸਕਟ ਪਹੁੰਚੀਆਂ ਸਨ, ਜਿੱਥੇ ੳਨ੍ਹਾਂ ਨੂੰ ਮੋਟੀ ਤਨਖਾਹ ਅਤੇ ਨੌਕਰੀ ਦਾ ਭਰੋਸਾ ਦਿੱਤਾ ਸੀ ਪਰ ਹੋਇਆ ਸਭ ਕੁਝ ਉਲਟ। ਸੁਲਤਾਨਪੁਰ ਲੋਧੀ ਨਿਰਮਲ ਕੁਟੀਆਂ ਇੰਨ੍ਹਾਂ ਕੁੜੀਆਂ ਨਾਲ ਆਏ ਪਰਿਵਾਰਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ ਦੀਆਂ ਧੀਆਂ ਵਾਪਸ ਪਰਿਵਾਰਾਂ ‘ਚ ਪਰਤ ਆਈਆਂ ਹਨ। ਇਨ੍ਹਾਂ ਦੋਵੇਂ ਮਾਮਲਿਆਂ ਵਿਚ ਇੰਨ੍ਹਾਂ ਲੜਕੀਆਂ ਨੂੰ ਓਮਾਨ ਲੈ ਜਾਣ ਵਿੱਚ ਕੁੜੀਆਂ ਹੀ ਟ੍ਰੈਵਲ ਏਜੰਟ ਵਜੋਂ ਵਿਚਰ ਰਹੀਆਂ ਸਨ। ਦੋਹਾਂ ਪਰਿਵਾਰਾਂ ਨੇ ਪੁਲਸ ਕੋਲ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਨ੍ਹਾਂ ਲੜਕੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੁਬਈ ਏਅਰਪੋਰਟ ਤੋਂ ਓਮਾਨ ਲਿਜਾਇਆ ਜਾ ਰਿਹਾ ਹੈ। ਮੀਡੀਆ ਨਾਲ ਰੂ-ਬ-ਰੂ ਹੁੰਦੇ ਇਨ੍ਹਾਂ ਕੁੜੀਆਂ ਨੇ ਦੱਸਿਆ ਕਿ ਅਜੇ ਵੀ ਮਸਕਟ ਵਿਚ 130 ਦੇ ਕਰੀਬ ਕੁੜੀਆਂ ਫਸੀਆਂ ਹੋਈਆਂ ਹਨ। ਜਿਹੜੀਆਂ ਵਾਪਸੀ ਦੀ ਉਡੀਕ ਕਰ ਰਹੀਆਂ ਹਨ। ਦੋਵਾਂ ਲੜਕੀਆਂ ਦੇ ਪਰਿਵਾਰਾਂ ਵੱਲੋਂ ਸੰਤ ਸੀਚੇਵਾਲ ਨੂੰ ਲਿਖਤੀ ਅਰਜ਼ੀਆਂ ਦੇ ਕੇ ਆਪਣੀਆਂ ਧੀਆਂ ਨੂੰ ਓਮਾਨ ਤੋਂ ਸੁਰੱਖਿਅਤ ਵਾਪਸ ਲਿਆਉਣ ਲਈ ਪਹੁੰਚ ਕੀਤੀ ਸੀ। ਪਰਿਵਾਰਾਂ ਵੱਲੋਂ ਦਿੱਤੀਆਂ ਅਰਜ਼ੀਆਂ ਵਿੱਚ ਓਮਾਨ ਵਿੱਚ ਉਨ੍ਹਾਂ ਦੀਆਂ ਧੀਆਂ ਨਾਲ ਹੋ ਰਹੇ ਸ਼ੋਸ਼ਣ, ਕੁੱਟਮਾਰ, ਧਮਕੀਆਂ ਅਤੇ ਵਾਪਸੀ ਲਈ ਪੈਸਿਆਂ ਦੀ ਮੰਗ ਸਬੰਧੀ ਗੰਭੀਰ ਦੋਸ਼ ਲਗਾਏ ਗਏ ਸਨ। ਜਲੰਧਰ ਜ਼ਿਲ੍ਹੇ ਦੀ ਵਾਪਸ ਆਈ ਕੁੜੀ ਨੇ ਦੱਸਿਆ ਕਿ ਉਹ ਇਸੇ ਸਾਲ ਮਾਰਚ ‘ਚ ਓਮਾਨ ਗਈ ਸੀ। ਮਰੀਅਮ ਨਾਂਅ ਦੀ ਲੜਕੀ ਨੇ ਉਸ ਨੂੰ ਉਮਾਨ ਵਿੱਚ ਬਿਊਟੀ ਪਾਰਲਰ ਵਿੱਚ ਕੰਮ ਕਰਨ ਅਤੇ 25 ਤੋਂ 30 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਦਾ ਭਰੋਸਾ ਦਿੱਤਾ ਸੀ ਪਰ ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਪਾਰਲਰ ਦੇ ਕੰਮ ਦੀ ਬਜਾਏ ਗਲਤ ਕੰਮਾਂ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਗਈ। ਵਿਰੋਧ ਕਰਨ ’ਤੇ ਉਸ ਨਾਲ ਕੁੱਟਮਾਰ ਅਤੇ ਮਾਨਸਿਕ ਤਸ਼ੱਦਦ ਕੀਤਾ ਗਿਆ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਲੜਕੀ ਦਾ ਪਾਸਪੋਰਟ ਖੋਹ ਲਿਆ ਗਿਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ। ਮਰੀਅਮ ਉਨ੍ਹਾਂ ਕੋਲੋ ਕਦੇਂ 20 ਹਾਜ਼ਰ ਕਦੇਂ 35 ਹਾਜ਼ਰ ਮੰਗਵਾਉਂਦੀ ਰਹੀ। ਏਸੇ ਤਰ੍ਹਾਂ ਆਪਣੀ ਧੀ ਦੀ ਓਮਾਨ ਵਿਚ ਸਲਾਮਤੀ ਲਈ ਆਪਣਾ ਮੋਟਰ ਸਾਈਕਲ ਵੇਚਣਾ ਪਿਆ। ਪਰਿਵਾਰ ਨੇ 1 ਜੁਲਾਈ ਨੂੰ ਸੰਤ ਸੀਚੇਵਾਲ ਦੇ ਦਫ਼ਤਰ ਨਾਲ ਸੰਪਰਕ ਕਰਕੇ ਆਪਣੀ ਧੀ ਦੀ ਸੁਰੱਖਿਅਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਸੀ। ਲਗਾਤਾਰ ਯਤਨਾਂ ਤੋਂ ਬਾਅਦ ਲੜਕੀ 7 ਸਤੰਬਰ ਨੂੰ ਸੁਰੱਖਿਅਤ ਆਪਣੇ ਪਰਿਵਾਰ ਕੋਲ ਭਾਰਤ ਵਾਪਸ ਪਹੁੰਚ ਗਈ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਦੂਜੀ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਉਨ੍ਹਾਂ ਦੇ ਪਿੰਡ ਦੀ ਰਹਿਣ ਵਾਲੀ ਅੰਜੂ ਨਾਂਅ ਦੀ ਲੜਕੀ ਰਾਹੀ ਓਮਾਨ ਵਿਚ ਘਰੇਲੂ ਕੰਮ ਕਰਨ ਦਾ ਕਹਿ ਕੇ ਲੈਕੇ ਗਈ ਸੀ। ਪਰਿਵਾਰ ਮੁਤਾਬਕ ਸ਼ੁਰੂ ਵਿਚ ਲਗਭਗ ਦੋ ਮਹੀਨੇ ਤੱਕ ਸਭ ਕੁਝ ਠੀਕ ਰਿਹਾ ਪਰ ਬਾਅਦ ਵਿਚ ਲੜਕੀ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਸ ਨੂੰ ਲੋੜੀਂਦਾ ਇਲਾਜ ਅਤੇ ਦਵਾਈਆਂ ਨਹੀਂ ਮਿਲੀਆਂ। ਪਰਿਵਾਰ ਨੇ ਦੋਸ਼ ਲਗਾਇਆ ਕਿ ਲੜਕੀ ਨੂੰ ਭਾਰਤ ਵਾਪਸ ਭੇਜਣ ਲਈ ਉਨ੍ਹਾਂ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਵਾਪਸ ਨਾ ਭੇਜਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰਿਵਾਰ ਨੇ ਆਪਣਾ ਘਰ ਅਤੇ ਘਰ ਗਹਿਣੇ ਰੱਖ ਕੇ ਇੱਕ ਲੱਖ ਰੁਪਏ ਦਾ ਪ੍ਰਬੰਧ ਕਰਕੇ ਸਬੰਧਤ ਵਿਅਕਤੀਆਂ ਨੂੰ ਦਿੱਤੇ। ਇਸ ਦੇ ਬਾਵਜੂਦ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਪਰਿਵਾਰ ’ਤੇ ਹੋਰ ਲੜਕੀਆਂ ਭੇਜਣ ਲਈ ਵੀ ਦਬਾਅ ਪਾਇਆ ਗਿਆ। ਕਪੂਰਥਲਾ ਜ਼ਿਲ੍ਹੇ ਦੇ ਪਰਿਵਾਰ ਨੇ 11 ਅਗਸਤ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚ ਕਰਕੇ ਆਪਣੀ ਧੀ ਦੀ ਸੁਰੱਖਿਅਤ ਵਾਪਸੀ ਲਈ ਮਦਦ ਦੀ ਅਪੀਲ ਕੀਤੀ ਸੀ। ਸੰਤ ਸੀਚੇਵਾਲ ਦੇ ਯਤਨਾਂ ਤੋਂ ਬਾਅਦ ਇਹ ਲੜਕੀ 23 ਅਗਸਤ ਨੂੰ ਸੁਰੱਖਿਅਤ ਭਾਰਤ ਵਾਪਸ ਆ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਿਦੇਸ਼ ਵਿੱਚ ਨੌਕਰੀ ਦੇ ਨਾਂ ’ਤੇ ਮਨੁੱਖੀ ਤਸਕਰੀ ਅਤੇ ਸ਼ੋਸ਼ਣ ਦੇ ਮਾਮਲੇ ਬਹੁਤ ਚਿੰਤਾਜਨਕ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਧੀਆਂ ਬਿਹਤਰ ਭਵਿੱਖ ਦੀ ਆਸ ਵਿਚ ਵਿਦੇਸ਼ ਜਾਂਦੀਆਂ ਹਨ ਪਰ ਜੇ ਉਨ੍ਹਾਂ ਨੂੰ ਉੱਥੇ ਧੋਖੇ, ਤਸ਼ੱਦਦ ਜਾਂ ਸ਼ੋਸ਼ਣ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਸਿਰਫ਼ ਇੱਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਪੀੜ ਹੈ। ਸਰਕਾਰਾਂ ਨੂੰ ਅਜਿਹੇ ਮਾਮਲਿਆਂ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਚਾਹੀਦੀ ਹੈ। ਲੋਕਾਂ ਨੂੰ ਵੀ ਵਿਦੇਸ਼ ਭੇਜਣ ਤੋਂ ਪਹਿਲਾਂ ਏਜੰਟ, ਵੀਜ਼ਾ, ਨੌਕਰੀ ਅਤੇ ਕੰਮ ਦੇ ਸਥਾਨ ਦੀ ਪੂਰੀ ਪੜਤਾਲ ਕਰਨੀ ਚਾਹੀਦੀ ਹੈ। ਵਿਦੇਸ਼ਾਂ ਵਿਚ ਮੁਸੀਬਤ ਵਿਚ ਫਸੇ ਪੰਜਾਬੀਆਂ ਦੀ ਮਦਦ ਲਈ ਲਗਾਤਾਰ ਯਤਨ ਕਰ ਰਹੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਦਖਲ ਨਾਲ ਹੁਣ ਤੱਕ ਕਰੀਬ 190 ਲੜਕੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਵੱਖ-ਵੱਖ ਦੇਸ਼ਾਂ ਵਿਚ ਫਸੀਆਂ ਜਾਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਲੜਕੀਆਂ ਸ਼ਾਮਲ ਹਨ।

