Encounter between police and miscreants in Ajnala, one accused injured in return firing
ਅਜਨਾਲਾ ’ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਜਵਾਬੀ ਫਾਇਰਿੰਗ ਦੌਰਾਨ ਇਕ ਮੁਲਜ਼ਮ ਜ਼ਖ਼ਮੀ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਅਜਨਾਲਾ ਖੇਤਰ ’ਚ ਪੰਜਾਬ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਪੁਲਸ ਨੇ 2 ਮੁਲਜ਼ਮਾਂ ਨੂੰ ਕਾਬੂ ਕਰਕੇ ਇਕ ਵੱਡੀ ਅਪਰਾਧਿਕ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਮੁਕਾਬਲੇ ਦੌਰਾਨ ਪੁਲਸ ਦੀ ਜਵਾਬੀ ਫਾਇਰਿੰਗ ’ਚ ਇਕ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਮੁਕਾਬਲਾ ਅਜਨਾਲਾ ਦੇ ਪਿੰਡ ਭੱਖਾ ਤਾਰਾ ਸਿੰਘ ਨੇੜੇ ਨਹਿਰੀ ਇਲਾਕੇ ’ਚ ਹੋਇਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਸੁਖਰਾਜ ਸਿੰਘ ਅਤੇ ਅਰਜੁਨ ਸ਼ਰਮਾ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਪੁਲਸ ਨੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਪਿਸਤੌਲ, 2 ਮੋਬਾਈਲ ਅਤੇ ਇਕ ਥਾਰ ਗੱਡੀ ਵੀ ਬਰਾਮਦ ਕੀਤੀ ਹੈ। ਪੁਲਸ ਸੂਤਰਾਂ ਮੁਤਾਬਕ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਇਸ ਪੂਰੇ ਨੈੱਟਵਰਕ ਦਾ ਸੰਚਾਲਨ ਯੂ. ਕੇ. ’ਚ ਬੈਠਾ ਗੈਂਗਸਟਰ ਨਿਸ਼ਾਨ ਕਰ ਰਿਹਾ ਸੀ। ਪੁਲਸ ਨੂੰ ਸ਼ੱਕ ਹੈ ਕਿ ਦੋਵੇਂ ਮੁਲਜ਼ਮ ਕਿਸੇ ਟਾਰਗੇਟ ਕਿਲਿੰਗ ਦੀ ਯੋਜਨਾ ਤਹਿਤ ਇਲਾਕੇ ਦੀ ਰੇਕੀ ਕਰ ਰਹੇ ਸਨ ਅਤੇ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ ਸਨ। ਪੁਲਸ ਸੂਤਰਾਂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਦੋ ਹਥਿਆਰਬੰਦ ਸ਼ੱਕੀ ਇਕ ਥਾਰ ਗੱਡੀ ’ਚ ਸਵਾਰ ਹੋ ਕੇ ਇਲਾਕੇ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਘੁੰਮ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਹਰਕਤ ਵਿਚ ਆ ਗਈ ਅਤੇ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਦੀ ਘੇਰਾਬੰਦੀ ਕਰ ਦਿੱਤੀ। ਪੁਲਸ ਅਨੁਸਾਰ ਆਪਣੇ ਆਪ ਨੂੰ ਘਿਰਿਆ ਦੇਖ ਕੇ ਮੁਲਜ਼ਮਾਂ ਨੇ ਪਿਸਤੌਲ ਨਾਲ ਪੁਲਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿਚ ਪੁਲਸ ਨੇ ਵੀ ਸਵੈ-ਰੱਖਿਆ ਲਈ ਫਾਇਰਿੰਗ ਕੀਤੀ। ਇਸ ਦੌਰਾਨ ਇਕ ਮੁਲਜ਼ਮ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਸ ਨੇ ਯੋਜਨਾਬੱਧ ਢੰਗ ਨਾਲ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਵਿਸਥਾਰਪੂਰਵਕ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਖੰਗਾਲੇ ਜਾ ਰਹੇ ਹਨ। ਪੁਲਸ ਨੇ ਸੰਭਾਵਨਾ ਜਤਾਈ ਹੈ ਕਿ ਪੁੱਛਗਿੱਛ ਦੌਰਾਨ ਇਸ ਗਿਰੋਹ ਨਾਲ ਜੁੜੇ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।

