Encounter between Punjab Police and criminals; two shooters arrested 6 hours after a woman’s murder
ਪੰਜਾਬ ਪੁਲਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਔਰਤ ਦੇ ਕਤਲ ਤੋਂ 6 ਘੰਟਿਆਂ ਬਾਅਦ ਦੋ ਸ਼ੂਟਰ ਗ੍ਰਿਫ਼ਤਾਰ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)- ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਦਿਨ-ਦਿਹਾੜੇ ਹੋਈ ਇੱਕ ਔਰਤ ਦੀ ਹੱਤਿਆ ਦੀ ਗੁੱਥੀ ਨੂੰ ਮਹਿਜ਼ 6 ਘੰਟਿਆਂ ਦੇ ਅੰਦਰ ਸੁਲਝਾਉਂਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਕੋਟ ਖਾਲਸਾ ਇਲਾਕੇ ਵਿੱਚ ਪੁਲਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਦੋ ਮੁੱਖ ਸ਼ੂਟਰ ਲੱਤਾਂ ਵਿੱਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਪੂਰੀ ਕਾਰਵਾਈ ਅਤੇ ਇਸ ਪਿੱਛੇ ਲੁਕੀ ਵੱਡੀ ਸਾਜ਼ਿਸ਼ ਦਾ ਖ਼ੁਲਾਸਾ ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਇੱਕ ਪ੍ਰੈੱਸ ਵਾਰਤਾ ਦੌਰਾਨ ਕੀਤਾ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਗੁਰੂ ਕੀ ਵਡਾਲੀ ਇਲਾਕੇ ਵਿੱਚ ਹੋਈ ਗੋਲੀਬਾਰੀ ਦੌਰਾਨ ਸਿਮਰਨਜੀਤ ਨਾਮਕ ਨੌਜਵਾਨ ਜ਼ਖ਼ਮੀ ਹੋ ਗਿਆ ਸੀ, ਜਦੋਂਕਿ ਕੋਲ ਬੈਠ ਕੇ ਕੰਮ ਕਰ ਰਹੀ ਗੁਆਂਢਣ ਦਲਬੀਰ ਕੌਰ ਨੂੰ ਗੋਲੀ ਲੱਗਣ ਕਾਰਨ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਾਬੂ ਕੀਤੇ ਸ਼ੂਟਰ ਵਿਦੇਸ਼ ਬੈਠੇ ਕੁਖਿਆਤ ਗੈਂਗਸਟਰ ਅੰਕੁਸ਼ ਬਾਮਣ ਦੇ ਗੁਰਗੇ ਹਨ। ਅੰਕੁਸ਼ ਬਾਮਣ ਅਤੇ ਕੇਸ਼ਵ ਸ਼ਿਵਾਲਾ ਨੇ ਇਨ੍ਹਾਂ ਨੂੰ ਬਟਾਲਾ ਦੇ ਇੱਕ ਸਰਪੰਚ (ਜਾਂ ਉਸ ਦੇ ਸੁਰੱਖਿਆ ਮੁਲਾਜ਼ਮ) ਦਾ ਕਤਲ ਕਰਨ ਲਈ 20 ਹਜ਼ਾਰ ਰੁਪਏ ਦੀ ਸੁਪਾਰੀ ਦਿੱਤੀ ਸੀ। ਹਾਲਾਂਕਿ, ਗੁਰੂ ਕੀ ਵਡਾਲੀ ਵਾਲੀ ਵਾਰਦਾਤ ਪੁਰਾਣੀ ਰੰਜਿਸ਼ ਕਾਰਨ ਵਾਪਰੀ। ਸ਼ੂਟਰ ਹਰਮਨਪ੍ਰੀਤ ਦਾ ਸਿਮਰਨਜੀਤ ਨਾਲ ਪਹਿਲਾਂ ਪੱਗ ਉਤਾਰਨ ਨੂੰ ਲੈ ਕੇ ਵਿਵਾਦ ਹੋਇਆ ਸੀ। ਅਚਾਨਕ ਸਿਮਰਨਜੀਤ ਦੇ ਸਾਹਮਣੇ ਆਉਣ ‘ਤੇ ਹਰਮਨਪ੍ਰੀਤ ਨੇ ਉਸ ‘ਤੇ ਗੋਲੀ ਚਲਾ ਦਿੱਤੀ, ਜੋ ਸਿਮਰਨਜੀਤ ਦੀ ਛਾਤੀ ਵਿੱਚ ਲੱਗਣ ਤੋਂ ਬਾਅਦ ਰਿਫਲੈਕਟ (ਟਕਰਾ) ਹੋ ਕੇ ਗੁਆਂਢਣ ਦਲਬੀਰ ਕੌਰ ਦੇ ਨਾਜ਼ੁਕ ਅੰਗ ਵਿੱਚ ਜਾ ਲੱਗੀ, ਜਿਸ ਨਾਲ ਉਸ ਦੀ ਜਾਨ ਚਲੀ ਗਈ। ਡੀ.ਸੀ.ਪੀ. ਸਿਟੀ ਜਸਕਰਨ ਤੇਜਾ ਦੀ ਅਗਵਾਈ ਹੇਠ ਏ.ਸੀ.ਪੀ. ਵੈਸਟ ਅਤੇ ਐੱਸ.ਐੱਚ.ਓ. ਛੇਹਰਟਾ ਬਲਵਿੰਦਰ ਸਿੰਘ ਦੀਆਂ ਟੀਮਾਂ ਨੇ ਤਕਨੀਕੀ ਜਾਂਚ ਦੇ ਆਧਾਰ ‘ਤੇ ਕੋਟ ਖਾਲਸਾ ਇਲਾਕੇ ਵਿੱਚ ਮੁਲਜ਼ਮਾਂ ਦੀ ਘੇਰਾਬੰਦੀ ਕੀਤੀ। ਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲਸ ਪਾਰਟੀ ‘ਤੇ 3 ਰਾਊਂਡ ਫਾਇਰ ਕੀਤੇ। ਸਵੈ-ਰੱਖਿਆ ਵਿੱਚ ਪੁਲਸ ਵੱਲੋਂ ਚਲਾਈਆਂ ਗਈਆਂ 5 ਗੋਲੀਆਂ ਵਿੱਚੋਂ ਗੋਲੀਆਂ ਲੱਗਣ ਕਾਰਨ ਦੋਵੇਂ ਸ਼ੂਟਰ ਹਰਮਨਪ੍ਰੀਤ ਅਤੇ ਜਗਰੂਪ (ਵਾਸੀ ਅੰਮ੍ਰਿਤਸਰ) ਜ਼ਖ਼ਮੀ ਹੋ ਕੇ ਡਿੱਗ ਪਏ। ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਅਗਲੇ 48 ਘੰਟੇ ਉਨ੍ਹਾਂ ਦੀ ਨਿਗਰਾਨੀ ਲਈ ਅਹਿਮ ਹਨ। ਪੁਲਸ ਨੇ ਮੁਕਾਬਲੇ ਵਾਲੀ ਥਾਂ ਤੋਂ ਇੱਕ 9 ਐੱਮ.ਐੱਮ. ਪਿਸਤੌਲ, 3 ਖ਼ਾਲੀ ਖੋਲ, ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ, ਮੋਬਾਈਲ ਫ਼ੋਨ ਅਤੇ ਸੁਪਾਰੀ ਵਜੋਂ ਮਿਲੇ ਪੈਸਿਆਂ ਵਿੱਚੋਂ 7 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਹਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਬਟਾਲਾ ਵਿੱਚ ਹੋਣ ਵਾਲਾ ਇੱਕ ਵੱਡਾ ਕਤਲ ਟਲ ਗਿਆ ਹੈ ਅਤੇ ਬਟਾਲਾ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਹੁਣ ਗੈਂਗਸਟਰ ਅੰਕੁਸ਼ ਬਾਮਣ ਦੇ ਸਥਾਨਕ ਸਹਿਯੋਗੀਆਂ ‘ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ।

