Encounter in Kohat lasted 22 hours! 16 police personnel lost their lives; 8 terrorists also killed
ਕੋਹਾਟ ‘ਚ 22 ਘੰਟੇ ਤੱਕ ਚੱਲਿਆ ਐਨਕਾਊਂਟਰ ! 16 ਪੁਲਸ ਮੁਲਾਜ਼ਮਾਂ ਦੀ ਗਈ ਜਾਨ, 8 ਅੱਤਵਾਦੀ ਵੀ ਢੇਰ
Lahore, (ਆਵਾਜ਼ਿ ਕੌਮ ਬਿਊਰੋ)-ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜੋ ਅੱਤਵਾਦ ਦਾ ਗੜ੍ਹ ਬਣ ਕੇ ਹੁਣ ਖ਼ੁਦ ਵੀ ਇਸੇ ਅੱਗ ‘ਚ ਝੁਲਸ ਰਿਹਾ ਹੈ। ਇਸੇ ਦੌਰਾਨ ਇੱਥੋਂ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਕੋਹਾਟ ਇਲਾਕੇ ‘ਚ ਸਥਿਤ ‘ਓਲਡ ਪੁਲਿਸ ਲਾਈਨਜ਼’ ਕੰਪਲੈਕਸ ‘ਚ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਲਗਭਗ 22 ਘੰਟੇ ਚੱਲਿਆ ਜ਼ਬਰਦਸਤ ਮੁਕਾਬਲਾ ਖ਼ਤਮ ਹੋ ਗਿਆ ਹੈ। ਇਸ ਖੂਨੀ ਮੁਕਾਬਲੇ ‘ਚ 16 ਪੁਲਸ ਮੁਲਾਜ਼ਮਾਂ ਸਣੇ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 100 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ‘ਚ 8 ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਹੈ। ਇਹ ਹਮਲਾ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਸ਼ੁਰੂ ਹੋਇਆ, ਜਦੋਂ ਵਿਸਫੋਟਕਾਂ ਨਾਲ ਭਰੀ ਇੱਕ ਗੱਡੀ ਨਾਲ ਪੁਲਸ ਲਾਈਨਜ਼ ਦੇ ਅੰਦਰ ਸਥਿਤ ਮਸਜਿਦ ‘ਤੇ ਆਤਮਘਾਤੀ ਧਮਾਕਾ ਕੀਤਾ ਗਿਆ। ਇਸ ਕੰਪਲੈਕਸ ‘ਚ ਪਾਕਿਸਤਾਨ ਦੇ ‘ਕਾਊਂਟਰ-ਟੈਰਰਿਜ਼ਮ ਡਿਪਾਰਟਮੈਂਟ’ ਅਤੇ ਸਪੈਸ਼ਲ ਬ੍ਰਾਂਚ ਦੇ ਦਫ਼ਤਰ ਵੀ ਮੌਜੂਦ ਹਨ। ਧਮਾਕੇ ਤੋਂ ਤੁਰੰਤ ਬਾਅਦ ਹਥਿਆਰਬੰਦ ਅੱਤਵਾਦੀਆਂ ਨੇ ਇਮਾਰਤ ‘ਚ ਦਾਖਲ ਹੋ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਕੰਪਲੈਕਸ ਨੂੰ ਘੇਰ ਲਿਆ। ਪਾਕਿਸਤਾਨੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਆਪ੍ਰੇਸ਼ਨ ਚਲਾਇਆ ਅਤੇ ਲਗਭਗ 22 ਘੰਟਿਆਂ ਤੱਕ ਚੱਲੀ ਭਾਰੀ ਗੋਲੀਬਾਰੀ ਤੋਂ ਬਾਅਦ ਸਾਰੇ 8 ਹਮਲਾਵਰਾਂ ਨੂੰ ਢੇਰ ਕਰ ਕੇ ਇਲਾਕਾ ਖਾਲੀ ਕਰਵਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨਾਲ ਜੁੜੇ ਇੱਕ ਧੜੇ ਨੇ ਇਸ ਭਿਆਨਕ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹਮਲਾ ਸਿਰਫ਼ ਇੱਕ ਆਮ ਬੰਬ ਧਮਾਕਾ ਨਹੀਂ ਸੀ, ਸਗੋਂ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਲਈ ਇੱਕ ਵੱਡੀ ਚੁਣੌਤੀ ਹੈ। ਅੱਤਵਾਦੀਆਂ ਨੇ ਨਾ ਸਿਰਫ਼ ਪੁਲਸ ਹੈੱਡਕੁਆਰਟਰ ਦੇ ਅੰਦਰ ਬਣੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ, ਸਗੋਂ ਉਸੇ ਵਿਭਾਗ ਦੇ ਮੁੱਖ ਦਫ਼ਤਰ ‘ਚ ਵੜ ਕੇ 22 ਘੰਟੇ ਤੱਕ ਮੁਕਾਬਲਾ ਕੀਤਾ, ਜਿਸ ਵਿਭਾਗ ਨੂੰ ਅੱਤਵਾਦ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

