‘We will give a befitting reply’ – Houthis’ direct threat to Pakistan and Turkey
‘ਦੇਵਾਂਗੇ ਕਰਾਰਾ ਜਵਾਬ’ , ਹੂਤੀਆਂ ਦੀ ਪਾਕਿਸਤਾਨ ਅਤੇ ਤੁਰਕੀ ਨੂੰ ਸਿੱਧੀ ਧਮਕੀ
Tehran, (ਆਵਾਜ਼ਿ ਕੌਮ ਬਿਊਰੋ)-ਈਰਾਨ ਸਮਰਥਿਤ ਯਮਨ ਦੇ ਹੂਤੀ ਬਾਗੀਆਂ ਨੇ ਪਾਕਿਸਤਾਨ ਅਤੇ ਤੁਰਕੀ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਦੋਵੇਂ ਦੇਸ਼ ਸਾਊਦੀ ਅਰਬ ਦੇ ਸਮਰਥਨ ਵਿੱਚ ਫੌਜੀ ਦਖਲ ਦਿੰਦੇ ਹਨ, ਤਾਂ ਉਨ੍ਹਾਂ ਨੂੰ ਉਸੇ ਤਰ੍ਹਾਂ ਦਾ ਜਵਾਬ ਮਿਲੇਗਾ ਜਿਸ ਤਰ੍ਹਾਂ ਸਾਊਦੀ ਅਰਬ ਨੂੰ ਮਿਲ ਰਿਹਾ ਹੈ। ਦੂਜੇ ਸ਼ਬਦਾਂ ਵਿਚ ਕਹਿ ਲਈਏ ਤਾਂ ਇਸਲਾਮੀ ਨਾਟੋ ਬਣਾਉਣ ਦੀ ਕੋਸ਼ਿਸ਼ ‘ਚ ਸ਼ਾਮਲ ਪਾਕਿਸਤਾਨ ਲਈ ‘ਮੱਕਾ ਸਮਝੌਤਾ’ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਸਾਊਦੀ ਅਰਬ ਵਿਰੁੱਧ ਹੂਤੀ ਹਮਲਿਆਂ ਨੂੰ ਰੋਕਣ ‘ਚ ਨਾਕਾਮ ਰਹਿਣ ਕਾਰਨ ਪਾਕਿਸਤਾਨ ਨੂੰ ਵਿਸ਼ਵ ਪੱਧਰ ‘ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਹੁਣ ਯਮਨ ਦੇ ਹੂਤੀ ਬਾਗੀਆਂ ਨੇ ਪਾਕਿਸਤਾਨ ਅਤੇ ਤੁਰਕੀ ‘ਤੇ ਵੀ ਸਿੱਧੇ ਹਮਲੇ ਦੀ ਧਮਕੀ ਦਿੱਤੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਲੈਫਟੀਨੈਂਟ ਜਨਰਲ ਐਚ.ਆਰ. ਮੈਕਮਾਸਟਰ ਅਨੁਸਾਰ ਇਸ ਸਮਝੌਤੇ ਪਿੱਛੇ ਪਾਕਿਸਤਾਨ ਦੀ ਨੀਤੀ ਅਤੇ ਇਰਾਦੇ ਸਪੱਸ਼ਟ ਨਹੀਂ ਹਨ। ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਵਿਚਕਾਰ ਇੱਕ ਸਮਝੌਤੇ ‘ਤੇ ਦਸਤਖਤ ਹੋਏ ਸਨ, ਜਿਸ ਅਨੁਸਾਰ ਕਿਸੇ ਵੀ ਇੱਕ ਦੇਸ਼ ‘ਤੇ ਹੋਇਆ ਹਮਲਾ ਤਿੰਨਾਂ ਦੇਸ਼ਾਂ ‘ਤੇ ਹਮਲਾ ਮੰਨਿਆ ਜਾਵੇਗਾ। ਤੁਰਕੀ ਨੇ ਇਸ ਗੱਠਜੋੜ ਨੂੰ ਨਾਟੋ ਦੀ ਤਰਜ਼ ‘ਤੇ ‘ਇਸਲਾਮੀ ਨਾਟੋ’ ਦਾ ਨਾਂ ਦਿੱਤਾ ਸੀ। ਸਾਊਦੀ ਅਰਬ ਵਿੱਚ ਤੁਰਕੀ ਅਤੇ ਪਾਕਿਸਤਾਨੀ ਫੌਜਾਂ ਦੀ ਤਾਇਨਾਤੀ ਦੀਆਂ ਖ਼ਬਰਾਂ ਵਿਚਾਲੇ ਹੂਤੀ ਨੇਤਾ ਅਲ-ਬੁਖੈਤੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਜੇਕਰ ਇਸਲਾਮਾਬਾਦ (ਪਾਕਿਸਤਾਨ) ਅਤੇ ਅੰਕਾਰਾ (ਤੁਰਕੀ) ਇਸ ਖੇਤਰ ਵਿੱਚ ਦਖਲਅੰਦਾਜ਼ੀ ਕਰਦੇ ਹਨ, ਤਾਂ ਉਨ੍ਹਾਂ ‘ਤੇ ਵੀ ਸਿੱਧਾ ਹਮਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯਮਨ ਹੁਣ ਤੱਕ ਰੱਖਿਆਤਮਕ ਰੁਖ਼ ਅਪਣਾ ਰਿਹਾ ਸੀ, ਪਰ ਕਿਸੇ ਵੀ ਵਿਦੇਸ਼ੀ ਸ਼ਕਤੀ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਪਾਕਿਸਤਾਨ ਅਤੇ ਤੁਰਕੀ ਨੇ ਮੱਕਾ ਸਮਝੌਤੇ ਤਹਿਤ ਸਾਊਦੀ ਅਰਬ ਦਾ ਸਮਰਥਨ ਪ੍ਰਗਟ ਕੀਤਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਮੱਕਾ ਸਮਝੌਤਾ ਸਪੱਸ਼ਟ ਹੈ। ਜੇਕਰ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਸਮਝੌਤੇ ਤਹਿਤ ਸਾਊਦੀ ਅਰਬ ਦਾ ਬਚਾਅ ਕਰਨ ਲਈ ਵਚਨਬੱਧ ਹੈ। ਇਸ ਦੌਰਾਨਸ਼ਨੀਵਾਰ ਨੂੰ ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫਿਦਾਨ ਨੇ ਵੀ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੀ ਪੇਸ਼ਕਸ਼ ਕੀਤੀ। ਫਿਦਾਨ ਨੇ ਕਿਹਾ ਕਿ ਸਾਊਦੀ ਅਰਬ ਗੰਭੀਰ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਅੰਕਾਰਾ ਸਾਊਦੀ ਅਰਬ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਫੌਜੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਈਰਾਨ ਅਤੇ ਅਮਰੀਕਾ ਵਿਚਕਾਰ ਜੰਗਬੰਦੀ ਕਰਵਾ ਕੇ ਖੁਦ ਨੂੰ ਸ਼ਾਂਤੀ ਦੂਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਅਸਫਲ ਰਿਹਾ। ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਸਾਊਦੀ ਅਰਬ ਦੀ ਰਾਜਧਾਨੀ ਰਿਆਧ ‘ਤੇ ਬੈਲਿਸਟਿਕ ਮਿਜ਼ਾਈਲ ਨਾਲ ਨਿਸ਼ਾਨਾ ਸਾਧਣ ਦੀ ਕੋਸ਼ਿਸ਼ ਕੀਤੀ। ਸਾਊਦੀ ਅਗਵਾਈ ਵਾਲੇ ਗੱਠਜੋੜ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਿਜ਼ਾਈਲ ਨੂੰ ਹਵਾ ਵਿੱਚ ਹੀ ਰੋਕ ਕੇ ਨਸ਼ਟ ਕਰ ਦਿੱਤਾ ਗਿਆ, ਜਿਸ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਸ ਤੋਂ ਇਲਾਵਾ ਹੂਤੀਆਂ ਨੇ ਲਾਲ ਸਾਗਰ ਦੇ ਬੰਦਰਗਾਹ ਸ਼ਹਿਰ ਯਾਨਬੂ ਵਿੱਚ ਸਾਊਦੀ ਅਰਾਮਕੋ ਤੇਲ ਕੰਪਨੀ ਦੇ ਨਿਸ਼ਾਨਿਆਂ ਸਮੇਤ ਤਾਇਫ, ਬੈਸ਼ ਅਤੇ ਫਾਰਸਾਨ ਵਿੱਚ ਵੀ ਹਮਲੇ ਕਰਨ ਦਾ ਦਾਅਵਾ ਕੀਤਾ, ਜਿਨ੍ਹਾਂ ਨੂੰ ਸਾਊਦੀ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ।

