Fear of a US attack on Canada! PM Carney’s major revelation
ਕੈਨੇਡਾ ‘ਤੇ ਅਮਰੀਕੀ ਹਮਲੇ ਦਾ ਖਦਸ਼ਾ ! PM ਕਾਰਨੀ ਦਾ ਵੱਡਾ ਖੁਲਾਸਾ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੱਡਾ ਖ਼ੁਲਾਸਾ ਕੀਤਾ ਹੈ। ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਅਮਰੀਕਾ ਦੁਆਰਾ ਕੈਨੇਡਾ ‘ਤੇ ਸੰਭਾਵਿਤ ਫ਼ੌਜੀ ਹਮਲੇ ਦੇ “ਗੰਭੀਰ ਖ਼ਤਰੇ” ‘ਤੇ ਵਿਚਾਰ ਕੀਤਾ ਸੀ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਵੀ ਕਰ ਲਈਆਂ ਸਨ। ਇਹ ਖ਼ੁਲਾਸਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਵਾਰ-ਵਾਰ ਕੈਨੇਡਾ ਨੂੰ ਅਮਰੀਕਾ ਦਾ “51ਵਾਂ ਰਾਜ” ਬਣਾਉਣ ਬਾਰੇ ਦਿੱਤੇ ਬਿਆਨਾਂ ਤੋਂ ਬਾਅਦ ਸਾਹਮਣੇ ਆਇਆ ਹੈ। ‘ਦਿ ਨਿਊਯਾਰਕ ਟਾਈਮਜ਼’ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਕਿਸੇ ਅਣਹੋਣੀ ਫ਼ੌਜੀ ਸਥਿਤੀ ਦਾ ਵਿਸ਼ਲੇਸ਼ਣ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਹਿੱਸਾ ਹੈ। ਕਾਰਨੀ ਨੇ ਸਪੱਸ਼ਟ ਕੀਤਾ, “ਇਨ੍ਹਾਂ ਅਹੁਦਿਆਂ ‘ਤੇ ਰਹਿੰਦਿਆਂ ਅਤਿਅੰਤ ਖ਼ਤਰਿਆਂ ਦਾ ਮੁਲਾਂਕਣ ਕਰਨਾ ਜ਼ਿੰਮੇਵਾਰੀ ਹੁੰਦੀ ਹੈ। ਇਹ ਸਿਰਫ਼ ਰਿਸਕ ਮੈਨੇਜਮੈਂਟ ਹੈ, ਕੋਈ ਮੁੱਖ ਆਧਾਰ ਨਹੀਂ। ਅਜਿਹਾ ਨਾ ਕਰਨਾ ਗੈਰ-ਜ਼ਿੰਮੇਵਾਰਾਨਾ ਹੋਵੇਗਾ”। ਉਨ੍ਹਾਂ ਦੁਹਰਾਇਆ ਕਿ ਅਮਰੀਕੀ ਹਮਲੇ ਦੀ ਸੰਭਾਵਨਾ ਨੂੰ ਮੁੱਖ ਨਤੀਜੇ ਵਜੋਂ ਨਹੀਂ ਦੇਖਿਆ ਗਿਆ ਸੀ, ਪਰ ਆਪਣੇ ਸਭ ਤੋਂ ਨੇੜਲੇ ਆਰਥਿਕ ਅਤੇ ਸੁਰੱਖਿਆ ਭਾਈਵਾਲ ਨਾਲ ਖ਼ਰਾਬ ਹੁੰਦੇ ਸਬੰਧਾਂ ਦੇ ਮੱਦੇਨਜ਼ਰ ਇਹ ਯੋਜਨਾਬੰਦੀ ਕੀਤੀ ਗਈ ਸੀ। ਪਿਛਲੇ ਇੱਕ ਸਾਲ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਕਾਫ਼ੀ ਵਧ ਗਿਆ ਹੈ। ਟਰੰਪ ਨੇ ਕੈਨੇਡੀਅਨ ਉਤਪਾਦਾਂ ‘ਤੇ ਉੱਚੇ ਟੈਰਿਫ਼ ਲਗਾਏ ਹਨ, ਜਿਸ ਦੇ ਜਵਾਬ ‘ਚ ਓਟਾਵਾ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਇਸ ਵਿਵਾਦ ‘ਤੇ ਬੋਲਦਿਆਂ ਕਾਰਨੀ ਨੇ ਕਿਹਾ ਕਿ ਪਿਛਲੇ 40 ਸਾਲ ਅਮਰੀਕਾ ਨਾਲ ਗੂੜ੍ਹੇ ਆਰਥਿਕ ਏਕੀਕਰਨ ਦੇ ਰਹੇ ਹਨ, ਜਿਸ ਨਾਲ ਕੈਨੇਡਾ ਇੱਕੋ ਵਪਾਰਕ ਭਾਈਵਾਲ ‘ਤੇ ਬਹੁਤ ਜ਼ਿਆਦਾ ਨਿਰਭਰ ਹੋ ਗਿਆ। ਕਾਰਨੀ ਨੇ ਕਿਹਾ ਕਿ ਉਹ ਸਮਾਂ ਹੁਣ ਖ਼ਤਮ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਸਰਕਾਰ ਦੀ ਯੋਜਨਾ ਕਿਸੇ ਹੋਰ ‘ਤੇ ਨਿਰਭਰ ਰਹਿਣ ਦੀ ਬਜਾਏ ਆਰਥਿਕ ਵਿਕਾਸ ਅਤੇ ਵਪਾਰਕ ਵਿਭਿੰਨਤਾ ਲਿਆਉਣ ਦੀ ਹੈ। ਕਾਰਨੀ ਨੇ ਕੈਨੇਡਾ ਦੇ ਅਮਰੀਕਾ ਦਾ ਹਿੱਸਾ ਬਣਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਅਮਰੀਕਾ ‘ਤੇ ਆਪਣੀ ਨਿਰਭਰਤਾ ਘਟਾਉਣ ਲਈ ਕੈਨੇਡਾ ਦੁਨੀਆ ਦੇ ਹੋਰ ਦੇਸ਼ਾਂ ਨਾਲ ਵਪਾਰਕ ਸਬੰਧ ਵਧਾ ਰਿਹਾ ਹੈ। ਕੈਨੇਡਾ ਦੇ ਯੂਰੋਪੀਅਨ ਯੂਨੀਅਨ (EU) ਦਾ ਐਸੋਸੀਏਟ ਮੈਂਬਰ ਬਣਨ ਦੀਆਂ ਰਿਪੋਰਟਾਂ ‘ਤੇ ਰਾਸ਼ਟਰਪਤੀ ਟਰੰਪ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਇਸ ਸੰਭਾਵਨਾ ਨੂੰ “ਹਾਸੋਹੀਣੀ” ਕਰਾਰ ਦਿੰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਉਹ ਇਸ ਨੂੰ ਦੁਸ਼ਮਣੀ ਵਾਲਾ ਕਦਮ ਮੰਨਦੇ ਹਨ, ਤਾਂ ਉਹ ਯੂਰੋਪ ‘ਤੇ ਬਹੁਤ ਭਾਰੀ ਟੈਰਿਫ਼ ਲਗਾਉਣਗੇ ਜਾਂ ਕਈ ਚੀਜ਼ਾਂ ਦਾ ਵਪਾਰ ਰੋਕ ਦੇਣਗੇ।

