Fear of being killed! Donald Trump’s son stops leaving home
ਮਾਰੇ ਜਾਣ ਦਾ ਡਰ ! ਡੋਨਾਲਡ ਟਰੰਪ ਦੇ ਪੁੱਤਰ ਨੇ ਘਰੋਂ ਨਿਕਲਣਾ ਛੱਡਿਆ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹਾਂ ਦਿਨਾਂ ਵਿਚ ਈਰਾਨ ਨਾਲ ਜੰਗ ਵਿਚ ਉਲਝੇ ਹੋਏ ਹਨ। ਇਸ ਜੰਗ ਕਾਰਨ ਉਨ੍ਹਾਂ ਦੇ ਪਰਿਵਾਰ ’ਤੇ ਵੀ ਖ਼ਤਰਾ ਮੰਡਰਾਅ ਰਿਹਾ ਹੈ। ਪਿਛਲੇ ਦੋ ਸਾਲਾਂ ਵਿਚ ਟਰੰਪ ’ਤੇ ਵੀ ਤਿੰਨ ਜਾਨਲੇਵਾ ਹਮਲੇ ਹੋ ਚੁੱਕੇ ਹਨ। ਉੱਥੇ ਹੀ ਹਾਲ ਹੀ ’ਚ ਉਨ੍ਹਾਂ ਦੇ ਛੋਟੇ ਪੁੱਤਰ ਬੈਰਨ ਟਰੰਪ ਨੂੰ ਲੈ ਕੇ ਵੀ ਈਰਾਨ ਵੱਲੋਂ ਧਮਕੀ ਦਿੱਤੀ ਗਈ ਸੀ। ਹੁਣ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੁਨੀਆ ਵਿਚ ਸਭ ਤੋਂ ਸ਼ਕਤੀਸ਼ਾਲੀ ਮੰਨੇ ਜਾਣ ਵਾਲੇ ਅਮਰੀਕੀ ਰਾਸ਼ਟਰਪਤੀ ਦੇ ਪੁੱਤਰ ਨੇ ਡਰ ਦੇ ਮਾਰੇ ਘਰੋਂ ਨਿਕਲਣਾ ਛੱਡ ਦਿੱਤਾ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਈਰਾਨ ਵੱਲੋਂ ਧਮਕੀ ਆਉਣ ਤੋਂ ਬਾਅਦ ਬੈਰਨ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ ਵੀ ਸੁਰੱਖਿਆ ਦੇ ਨਜ਼ਰੀਏ ਤੋਂ 20 ਸਾਲ ਦੇ ਬੈਰਨ ਨੇ ਜ਼ਿਆਦਾਤਰ ਸਮਾਂ ਆਪਣੇ ਘਰ ’ਚ ਰਹਿਣਾ ਹੀ ਸ਼ੁਰੂ ਕਰ ਦਿੱਤਾ ਹੈ। ਪਿਛਲੀਆਂ ਗਰਮੀਆਂ ਉਨ੍ਹਾਂ ਨੇ ਆਪਣੇ ਪਿਤਾ ਦੇ ਨਿਊਜਰਸੀ ਸਥਿਤ ਗੋਲਫ਼ ਕਲੱਬ ’ਚ ਹੀ ਬਿਤਾਈਆਂ ਹਨ। ਰਿਪੋਰਟ ਦੇ ਮੁਤਾਬਕ ਟਰੰਪ ਦੇ ਕਰੀਬੀ ਇਕ ਵਿਅਕਤੀ ਨੇ ਦੱਸਿਆ ਕਿ ਬੈਰਨ ਪਿਛਲੇ ਕਾਫ਼ੀ ਸਮੇਂ ਤੋਂ ਬਹੁਤ ਘੱਟ ਹੀ ਘਰੋਂ ਬਾਹਰ ਜਾਂਦੇ ਹਨ। ਸੂਤਰਾਂ ਨੇ ਕਿਹਾ, ‘‘ਉਹ ਬਾਹਰ ਨਹੀਂ ਜਾਂਦੇ ਹਨ। ਉਹ ਜ਼ਿਆਦਾ ਕਿਸੇ ਨਾਲ ਮਿਲਣਾ-ਜੁਲਣਾ ਵੀ ਪਸੰਦ ਨਹੀਂ ਕਰਦੇ ਹਨ।’’ ਸੂਤਰਾਂ ਮੁਤਾਬਕ, ਬੈਰਨ ਅਮਰੀਕੀ ਇਨਫਲੂਐਂਸਰ ਅਤੇ ਟਰੰਪ ਦੇ ਕੱਟੜ ਸਮਰਥਕ ਮੰਨੇ ਜਾਣ ਵਾਲੇ ਚਾਰਲੀ ਕ੍ਰਿਕ ਦੇ ਕਤਲ ਤੋਂ ਬਾਅਦ ਤੋਂ ਹੀ ਬਾਹਰ ਜਾਣਾ ਘੱਟ ਕਰ ਚੁੱਕੇ ਸਨ ਪਰ ਹਾਲ ਹੀ ਵਿਚ ਈਰਾਨ ਤੋਂ ਆਈ ਧਮਕੀ ਨੇ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਇਕਾਂਤ ਪਸੰਦ ਬਣਾ ਦਿੱਤਾ ਹੈ। ਕ੍ਰਿਕ ਦੇ ਕਤਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੈਰਨ ਨੇ ਆਪਣੇ ਪਿਤਾ ਡੋਨਾਲਡ ਟਰੰਪ ਨੂੰ ਫ਼ੋਨ ਕੀਤਾ ਅਤੇ ਕਿਹਾ, ‘‘ਇਹੀ ਹੁੰਦਾ ਹੈ, ਜਦੋਂ ਤੁਸੀਂ ਆਪਣੇ ਘਰੋਂ ਬਾਹਰ ਜਾਂਦੇ ਹੋ।’’ ਈਰਾਨ ਨਾਲ ਜੰਗ ’ਚ ਉਲਝੇ ਡੋਨਾਲਡ ਟਰੰਪ ਦੇ ਪਰਿਵਾਰ ਨੂੰ ਕਈ ਵਾਰ ਕਤਲ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਹਾਲ ਹੀ ’ਚ ਡੋਨਾਲਡ ਟਰੰਪ ਦੇ ਪੁੱਤਰ ਨੂੰ ਵੀ ਇਸੇ ਤਰ੍ਹਾਂ ਦੀ ਧਮਕੀ ਮਿਲੀ ਸੀ। ਈਰਾਨ ਦੇ ਸਰਕਾਰੀ ਮੀਡੀਆ ਚੈਨਲ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਸੀ ਕਿ ਜੋ ਕੋਈ ਵੀ ਬੈਰਨ ਤੱਕ ਪਹੁੰਚੇਗਾ ਉਸ ਨੂੰ 10 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਬਾਅਦ ਆਈ.ਆਰ.ਜੀ.ਸੀ. ਵੱਲੋਂ ਵੀ ਇਕ ਵੀਡੀਓ ਪੋਸਟ ਕੀਤੀ ਗਈ ਸੀ, ਜਿਸ ਦਾ ਟਾਈਟਲ ਸੀ ‘ਵੇਅਰ ਟੂ ਕਿੱਲ ਬੈਰਨ ਟਰੰਪ’। ਇਸ ਵਿਚ ਕਿਹਾ ਗਿਆ ਸੀ ਕਿ ਈਰਾਨ ਕੋਲ ਇਸ ਗੱਲ ਦੀ ਪੂਰੀ ਜਾਣਕਾਰੀ ਹੈ ਕਿ ਬੈਰਨ ਟਰੰਪ ਕਦੋਂ, ਕਿੱਥੇ ਅਤੇ ਕੀ ਕਰਦੇ ਹਨ।

