ਥਾਣਾ ਇਸਲਾਮਾਬਾਦ ਖੇਤਰ ’ਚ ਦੋ ਧਿਰਾਂ ਵਿਚਾਲੇ ਝਗੜਾ, ਐਕਟਿਵਾ ਨੂੰ ਅੱਗ ਲਗਾਉਣ ਦੀ ਘਟਨਾ CCTV ’ਚ ਕੈਦ

ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਖੇਤਰ ਵਿੱਚ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਨੇ ਹਿੰਸਕ ਰੂਪ ਧਾਰ ਲਿਆ। ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੋਵੇਂ ਪੱਖ ਪਹਿਲਾਂ ਆਪਸ ਵਿੱਚ ਦੋਸਤ ਸਨ, ਪਰ ਕਿਸੇ ਗੱਲ ’ਤੇ ਝਗੜਾ ਹੋਣ ਕਾਰਨ ਲੜਾਈ ਵਧ ਗਈ। ਇਸ ਦੌਰਾਨ ਦੋਵਾਂ ਧਿਰਾਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ਦਾ ਡਾਟ ਕੱਟ ਕੇ ਇਲਾਜ ਕਰਵਾਇਆ ਗਿਆ। ਝਗੜੇ ਤੋਂ ਬਾਅਦ ਹਨੀ ਨਾਂ ਦੇ ਵਿਅਕਤੀ ਦੀ ਐਕਟਿਵਾ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਮੁਤਾਬਕ, ਇਸ ਸਾਰੀ ਘਟਨਾ ਦੀ CCTV ਵੀਡੀਓ ਸਾਹਮਣੇ ਆ ਚੁੱਕੀ ਹੈ, ਜਿਸ ਵਿੱਚ ਲੜਾਈ ਅਤੇ ਵਾਹਨ ਸਾੜਨ ਦੀ ਘਟਨਾ ਸਾਫ਼ ਨਜ਼ਰ ਆ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਦੋਵੇਂ ਧਿਰਾਂ ਖੂਹ ਭੱਲੇ ਇਲਾਕੇ ਦੇ ਰਹਿਣ ਵਾਲੇ ਹਨ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। CCTV ਫੁਟੇਜ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੂਜੇ ਪਾਸੇ, ਪੀੜਤ ਪਰਿਵਾਰ ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਭਤੀਜੇ ਨੇ ਕਟਿੰਗ ਕਰਵਾਉਣੀ ਸੀ, ਇਸ ਦੌਰਾਨ ਸੰਚਿਤ ਅਤੇ ਲਵ ਸ਼ੂਟਰ ਸਮੇਤ ਇਕ ਹੋਰ ਨੌਜਵਾਨ ਉੱਥੇ ਆ ਗਏ। ਇਨ੍ਹਾਂ ਨੇ ਭਤੀਜੇ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਦੀ ਐਕਟਿਵਾ ਨੂੰ ਅੱਗ ਲਗਾ ਦਿੱਤੀ। ਪੀੜਤ ਮੁਤਾਬਕ, ਕੁੱਲ ਚਾਰ ਨੌਜਵਾਨ ਸਨ, ਜਿਨ੍ਹਾਂ ਦੀ ਉਮਰ 17 ਤੋਂ 18 ਸਾਲ ਦੇ ਦਰਮਿਆਨ ਹੈ।
ਪਰਿਵਾਰ ਨੇ ਦੱਸਿਆ ਕਿ ਮੁਹੱਲੇ ਦੇ ਮੋਹਤਬਰ ਲੋਕਾਂ ਵੱਲੋਂ ਰਾਜ਼ੀਨਾਮਾ ਵੀ ਕਰਵਾਇਆ ਗਿਆ ਸੀ, ਪਰ ਇਸ ਦੇ ਬਾਵਜੂਦ ਕੁਝ ਨੌਜਵਾਨ ਤੇਜ਼ਧਾਰ ਹਥਿਆਰ ਲੈ ਕੇ ਇਲਾਕੇ ਵਿੱਚ ਘੁੰਮ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ, ਜਦਕਿ ਦੋ ਹੋਰ ਫਰਾਰ ਹੋ ਗਏ। ਪੁਲਿਸ ਨੇ ਪੀੜਤਾਂ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।

