Sikh Community Gave 80% Sacrifices for Independence – Still Waiting for Justice
ਦੇਸ਼ ਦੀ ਆਜ਼ਾਦੀ ਲਈ 80% ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਅੱਜ ਵੀ ਇਨਸਾਫ਼ ਲਈ ਉਡੀਕਵਾਨ

26 ਜਨਵਰੀ 2026, ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਗਣਤੰਤਰ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਿੱਖ ਕੌਮ ਦੇ ਲਾਸਾਨੀ ਇਤਿਹਾਸ ਅਤੇ ਲਟਕਦੀਆਂ ਮੰਗਾਂ ਦੀ ਯਾਦ ਦਿਵਾਈ ਹੈ। ਉਨ੍ਹਾਂ ਕਿਹਾ ਕਿ ਜਿਸ ਸੰਵਿਧਾਨ ਅਤੇ ਲੋਕਤੰਤਰ ਦਾ ਅੱਜ ਜਸ਼ਨ ਮਨਾਇਆ ਜਾ ਰਿਹਾ ਹੈ, ਉਸ ਦੀ ਨੀਂਹ ਵਿੱਚ ਸਿੱਖਾਂ ਦਾ ਸਭ ਤੋਂ ਵੱਧ ਖ਼ੂਨ ਡੁੱਲ੍ਹਿਆ ਹੈ।
ਆਜ਼ਾਦੀ ਦੇ ਸੰਘਰਸ਼ ਵਿੱਚ ਸਿੱਖਾਂ ਦਾ ਯੋਗਦਾਨ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਵਿੱਚ 80 ਫੀਸਦੀ ਤੋਂ ਵੱਧ ਹਿੱਸਾ ਸਿੱਖਾਂ ਦਾ ਹੈ। ਚਾਹੇ ਕਾਲੇ ਪਾਣੀ ਦੀਆਂ ਸਜ਼ਾਵਾਂ ਹੋਣ, ਫਾਂਸੀ ਦੇ ਰੱਸੇ ਚੁੰਮਣੇ ਹੋਣ ਜਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨੀ ਹੋਵੇ, ਸਿੱਖਾਂ ਨੇ ਹਮੇਸ਼ਾ ਮੋਹਰੀ ਹੋ ਕੇ ਜਾਨਾਂ ਨਿਛਾਵਰ ਕੀਤੀਆਂ ਹਨ। ਪਰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸੇ ਦੇਸ਼ ਵਿੱਚ ਸਿੱਖ ਕੌਮ ਨੂੰ ਆਪਣੇ ਬੁਨਿਆਦੀ ਹੱਕਾਂ ਅਤੇ ਇਨਸਾਫ਼ ਲਈ ਦਹਾਕਿਆਂ ਤੱਕ ਸੰਘਰਸ਼ ਕਰਨਾ ਪੈ ਰਿਹਾ ਹੈ।
ਗਣਤੰਤਰ ਦਿਵਸ ਮੌਕੇ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਪ੍ਰਮੁੱਖ ਮੰਗਾਂ:
- ਬੰਦੀ ਸਿੰਘਾਂ ਦੀ ਰਿਹਾਈ – ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਸੰਵਿਧਾਨ ਦੀ ਮਰਿਆਦਾ ‘ਤੇ ਵੱਡਾ ਸਵਾਲ ਹੈ।
- ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ – 2015 ਤੋਂ ਹੁਣ ਤੱਕ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਨਾ ਮਿਲਣਾ ਅਤੇ ਕੇਸਾਂ ਨੂੰ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਨਾ ਸਿੱਖ ਹਿਰਦਿਆਂ ‘ਤੇ ਜ਼ੁਲਮ ਹੈ।
- ਚਾਈਨਾ ਡੋਰ ਵਿਰੁੱਧ ਸਖ਼ਤ ਕਾਨੂੰਨ – ਪੰਜਾਬ ਸਰਕਾਰ ਨੂੰ ਤੁਰੰਤ “ਚਾਈਨਾ ਡੋਰ ਮੁਕਤ ਪੰਜਾਬ” ਮੁਹਿੰਮ ਚਲਾਉਣੀ ਚਾਹੀਦੀ ਹੈ ਅਤੇ ਵੇਚਣ-ਵਰਤਣ ਵਾਲਿਆਂ ਲਈ 3 ਸਾਲ ਦੀ ਸਜ਼ਾ ਵਾਲਾ ਕਾਨੂੰਨ ਬਣਾਉਣਾ ਚਾਹੀਦਾ ਹੈ।
ਪੀਰ ਮੁਹੰਮਦ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਇਨ੍ਹਾਂ ਵਾਜਬ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀਆਂ ਰਹੀਆਂ ਤਾਂ ਪੰਥਕ ਜਥੇਬੰਦੀਆਂ ਨੂੰ ਇਕੱਠਾ ਕਰਕੇ ਵੱਡਾ ਜਨ-ਅੰਦੋਲਨ ਉਲੀਕਿਆ ਜਾਵੇਗਾ। ਅਸਲੀ ਗਣਤੰਤਰ ਉਦੋਂ ਹੀ ਹੋਵੇਗਾ ਜਦੋਂ ਸੰਵਿਧਾਨ ਨਿਰਮਾਤਾਵਾਂ ਦੇ ਵਾਅਦੇ ਸਿੱਖ ਕੌਮ ਲਈ ਸੱਚ ਹੋਣਗੇ।
