Fire rages in Reno, US, forcing thousands to evacuate
ਅਮਰੀਕਾ ਦੇ ‘ਰੇਨੋ’ ਸ਼ਹਿਰ ‘ਚ ਅੱਗ ਨੇ ਮਚਾਇਆ ਤਾਂਡਵ ! ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਵਿਚ ਨੇਵਾਡਾ ਸੂਬੇ ਦੇ ਉੱਤਰ-ਪੱਛਮੀ ਰੇਨੋ ਸ਼ਹਿਰ ’ਚ ਐਤਵਾਰ ਨੂੰ ਤੇਜ਼ੀ ਨਾਲ ਫੈਲੀ ਜੰਗਲੀ ਅੱਗ ਨੇ ਕਈ ਮਕਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ਦੀਆਂ ਲਾਟਾਂ ਇੰਨੀਆਂ ਭਿਆਨਕ ਸਨ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਲਈ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚ ਕੇ ਉਸ ’ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਗਿਆ। ਹਵਾ ਦੀ ਦਿਸ਼ਾ ਵਾਰ-ਵਾਰ ਬਦਲਣ ਕਾਰਨ ਅੱਗ ਬੁਝਾਉਣ ਵਿਚ ਜੁਟੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਅਧਿਕਾਰੀਆਂ ਨੇ ਹਾਲਾਤ ਨੂੰ ਦੇਖਦੇ ਹੋਏ ਸਾਵਧਾਨੀ ਵਜੋਂ ਕਰੀਬ 90,000 ਲੋਕਾਂ ਨੂੰ ਪ੍ਰਭਾਵਿਤ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਅਨੁਸਾਰ, ਅੱਗ ਦੀ ਲਪੇਟ ਵਿਚ ਆਉਣ ਨਾਲ ਘੱਟੋ-ਘੱਟ 6 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ਤਿੰਨ ਫਾਇਰ ਬ੍ਰਿਗੇਡ ਕਰਮਚਾਰੀ ਅਤੇ ਤਿੰਨ ਆਮ ਨਾਗਰਿਕ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ‘ਮਨੁੱਖੀ ਕਾਰਨਾਂ’ ਕਰ ਕੇ ਲੱਗੀ। ਹਾਲਾਂਕਿ, ਉਨ੍ਹਾਂ ਇਸ ਦੇ ਕਾਰਨਾਂ ਨੂੰ ਸਪੱਸ਼ਟ ਨਹੀਂ ਕੀਤਾ। ਸ਼ਨੀਵਾਰ ਨੂੰ ਭੜਕੀ ਇਹ ਅੱਗ ਬਾਅਦ ਵਿਚ ਹੁੰਬੋਲਟ-ਟੋਇਆਬੇ ਰਾਸ਼ਟਰੀ ਜੰਗਲ ਦੇ ਪੀਵਾਈਨ ਪੀਕ ਖੇਤਰ ’ਚ ਤੇਜ਼ੀ ਨਾਲ ਫੈਲ ਗਈ। ਇਹ ਇਲਾਕਾ ਕੈਲੀਫੋਰਨੀਆ ਦੀ ਸਰਹੱਦ ਦੇ ਨੇੜੇ ਹੈ, ਜਿੱਥੇ ਪਹਾੜੀਆਂ ਦੇ ਆਲੇ-ਦੁਆਲੇ ਵੱਡੀ ਗਿਣਤੀ ’ਚ ਰਿਹਾਇਸ਼ੀ ਮਕਾਨ ਅਤੇ ਵਪਾਰਕ ਅਦਾਰੇ ਮੌਜੂਦ ਹਨ। ਵਾਸ਼ੋ ਕਾਊਂਟੀ ਦੇ ਸ਼ੈਰਿਫ ਡਾਰਿਨ ਬਾਲਾਮ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ, ‘‘ਜੇ ਤੁਸੀਂ ਜਾ ਸਕਦੇ ਹੋ, ਤਾਂ ਕਿਰਪਾ ਕਰ ਕੇ ਤੁਰੰਤ ਇੱਥੋਂ ਨਿਕਲ ਜਾਓ।’’

