Firing at builder’s office in Zirakpur, attackers opened fire 3 times, panic in the area
ਜ਼ੀਰਕਪੁਰ ‘ਚ ਬਿਲਡਰ ਦੇ ਦਫ਼ਤਰ ‘ਤੇ ਫਾਇਰਿੰਗ, ਹਮਲਾਵਰਾਂ ਨੇ ਕੀਤੇ 3 ਫਾਇਰ, ਇਲਾਕੇ ‘ਚ ਦਹਿਸ਼ਤ
ਜ਼ੀਰਕਪੁਰ (ਆਵਾਜ਼ਿ ਕੌਮ ਬਿਊਰੋ)-ਜ਼ੀਰਕਪੁਰ ਦੇ ਇਕ ਬਿਲਡਰ ਵਲੋਂ ਕਰੋੜਾਂ ਰੁਪਏ ਦੀ ਫ਼ਿਰੌਤੀ ਨਾ ਦੇਣ ਦੇ ਏਵਜ਼ ‘ਚ ਸ਼ੁੱਕਰਵਾਰ ਉਸ ਦੇ ਨਿਰਮਾਣ ਅਧੀਨ ਪ੍ਰਾਜੈਕਟ ਦੇ ਬਾਹਰ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈਆਂ ਹਨ। ਦੂਜੇ ਪਾਸੇ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਸਰਗਰਮ ਹੋਈ ਅਤੇ ਬਿਨਾਂ ਬਿਲਡਰ ਅਮਿਤ ਦੂਆ ਦੀ ਸ਼ਿਕਾਇਤ ‘ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਿਲਡਰ ਅਮਿਤ ਦੂਆ ਨੇ ਦੱਸਿਆ ਕਿ ਉਸ ਤੋਂ ਬੀਤੇ ਇਕ ਸਾਲ ਤੋਂ 5 ਕਰੋੜ ਰੁਪਏ ਬਤੌਰ ਸਕਿਓਰਿਟੀ ਰਕਮ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਕਾਰਨ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼ੁੱਕਰਵਾਰ ਨੂੰ ਸਪਲੈਂਡਰ ਮੋਟਰਸਾਈਕਲ ‘ਤੇ ਆਏ 2 ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਨਾਲ ਇਕ ਤੋਂ ਬਾਅਦ ਇੱਕ ਕੁੱਲ 3 ਹਵਾਈ ਫਾਇਰ ਕੀਤੇ ਅਤੇ ਗੋਲੀਆਂ ਦੀ ਆਵਾਜ਼ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਿਕਰਯੋਗ ਹੈ ਕਿ ਬੀਤੇ ਇਕ ਹਫ਼ਤੇ ਦੌਰਾਨ ਇਹ ਦੂਜਾ ਮਾਮਲਾ ਹੈ, ਜਦੋਂ ਜ਼ੀਰਕਪੁਰ ਦੇ ਕਿਸੇ ਵਾਸੀ ‘ਤੇ ਹਵਾਈ ਫਾਇਰ ਕਰਕੇ ਉਸ ਤੋਂ ਫ਼ਿਰੌਤੀ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਹਿੰਦੂ ਆਗੂ ਰੋਹਿਤ ਸ਼ਰਮਾ ਨੂੰ ਵਟਸਐਪ ‘ਤੇ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।

