Sensation in Sri Muktsar Sahib: 2 bodies found in rented house, police investigation underway
ਸ੍ਰੀ ਮੁਕਤਸਰ ਸਾਹਿਬ ’ਚ ਸਨਸਨੀ: ਕਿਰਾਏ ਦੇ ਮਕਾਨ ’ਚੋਂ ਮਿਲਆਂ 2 ਲਾਸ਼ਾਂ, ਪੁਲਸ ਜਾਂਚ ਜਾਰੀ
ਸ੍ਰੀ ਮੁਕਤਸਰ ਸਾਹਿਬ (ਆਵਾਜ਼ਿ ਕੌਮ ਬਿਊਰੋ)-ਸ੍ਰੀ ਮੁਕਤਸਰ ਸਾਹਿਬ ਦੇ ਥਾਂਦੇਵਾਲਾ ਰੋਡ ’ਤੇ ਸਥਿਤ ਨਾਮਦੇਵ ਨਗਰ ਗਲੀ ਨੰਬਰ 4 ਵਿਚ ਵੀਰਵਾਰ ਨੂੰ ਉਸ ਵੇਲੇ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਕਿਰਾਏ ਦੇ ਮਕਾਨ ’ਚੋਂ ਇਕ ਆਦਮੀ ਅਤੇ ਔਰਤ ਦੀਆਂ ਲਾਸ਼ਾਂ ਬਰਾਮਦ ਹੋਈਆਂ। ਘਟਨਾ ਦੀ ਖ਼ਬਰ ਫੈਲਦਿਆਂ ਹੀ ਮੌਕੇ ’ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (47) ਪੁੱਤਰ ਗਿਰਧਾਰੀ ਲਾਲ ਵਾਸੀ ਪਿੰਡ ਬਾਂਮ ਵਜੋਂ ਹੋਈ ਹੈ, ਜੋ ਪਿਛਲੇ 5-6 ਸਾਲਾਂ ਤੋਂ ਇਸ ਮਕਾਨ ’ਚ ਕਿਰਾਏ ‘ਤੇ ਰਹਿ ਰਿਹਾ ਸੀ। ਮ੍ਰਿਤਕ ਔਰਤ ਦੀ ਸ਼ਨਾਖਤ ਹਾਲੇ ਤੱਕ ਨਹੀਂ ਹੋ ਸਕੀ ਹੈ। ਪੁਲਸ ਨੇ ਜਦੋਂ ਕਮਰਾ ਖੋਲ੍ਹ ਕੇ ਦੇਖਿਆ ਤਾਂ ਜਸਵਿੰਦਰ ਸਿੰਘ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ, ਜਦਕਿ ਔਰਤ ਦੀ ਲਾਸ਼ ਕੋਲ ਹੀ ਮੰਜੇ ‘ਤੇ ਪਈ ਸੀ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਸ਼ੇਸ਼ ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਫਿੰਗਰਪ੍ਰਿੰਟਸ, ਜੈਵਿਕ ਸੈਂਪਲ ਅਤੇ ਹੋਰ ਜ਼ਰੂਰੀ ਸਬੂਤ ਜੁਟਾਏ। ਪੁਲਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਔਰਤ ਇੱਥੇ ਕਿੰਨੇ ਸਮੇਂ ਤੋਂ ਰਹਿ ਰਹੀ ਸੀ ਅਤੇ ਦੋਵਾਂ ਵਿਚਾਲੇ ਕੀ ਸਬੰਧ ਸੀ। ਥਾਣਾ ਸਿਟੀ ਦੀ ਐੱਸ. ਐੱਚ.ਓ. ਰਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਮੈਡੀਕਲ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਹ ਮਾਮਲਾ ਦੋਹਰੀ ਖੁਦਕੁਸ਼ੀ ਦਾ ਹੈ ਜਾਂ ਫਿਰ ਪਹਿਲਾਂ ਔਰਤ ਦਾ ਕਤਲ ਕਰ ਕੇ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ। ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕਰ ਰਹੀ ਹੈ।

