Flydubai plane incident raises concerns; Trump says co-pilot might have links to Iran
Flydubai ਜਹਾਜ਼ ਦੀ ਘਟਨਾ ਨੇ ਵਧਾਈ ਚਿੰਤਾ, ਟਰੰਪ ਨੇ ਕਿਹਾ- ‘ਸਹਿ-ਪਾਇਲਟ ਦਾ ਈਰਾਨ ਨਾਲ ਹੋ ਸਕਦਾ ਹੈ ਕਨੈਕਸ਼ਨ’
ਵਾਸ਼ਿੰਗਟਨ/ਤੇਲ ਅਵੀਵ (ਆਵਾਜ਼ਿ ਕੌਮ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲੇਡ ਟਰੰਪ ਨੇ ਈਰਾਨ ਬਾਰੇ ਇੱਕ ਵਾਰ ਫਿਰ ਸਖ਼ਤ ਰੁਖ਼ ਅਪਣਾਉਂਦੇ ਹੋਏ ਅਹਿਮ ਬਿਆਨ ਦਿੱਤਾ ਹੈ। ਟਰੰਪ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਇੱਕ ਅਹਿਮ ਫੈਸਲਾ ਲੈਣਾ ਹੈ ਅਤੇ ਈਰਾਨ ਨੂੰ ਅਮਰੀਕਾ ਨਾਲ ਬਹੁਤ ਹੀ ਨਿਰਪੱਖ ਸਮਝੌਤਾ ਕਰਨਾ ਚਾਹੀਦਾ ਹੈ ਨਹੀਂ ਤਾਂ ਇਸਦੀ ਹੋਂਦ ਖਤਰੇ ਵਿੱਚ ਪੈ ਸਕਦੀ ਹੈ। ਇਸ ਤੋਂ ਪਹਿਲਾਂ ਈਰਾਨ ਨੇ ਤਣਾਅ ਘਟਾਉਣ ਅਤੇ ਗੱਲਬਾਤ ਨੂੰ ਅੱਗੇ ਵਧਾਉਣ ਦਾ ਪ੍ਰਸਤਾਵ ਦਿੱਤਾ ਸੀ, ਪਰ ਰਾਸ਼ਟਰਪਤੀ ਟਰੰਪ ਨੇ ਉਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਦੌਰਾਨ ਇੱਕ ਸਹਿ-ਪਾਇਲਟ ਵੱਲੋਂ ਕਥਿਤ ਤੌਰ ‘ਤੇ ਕੈਪਟਨ ‘ਤੇ ਹਮਲਾ ਕਰਨ ਦੀ ਘਟਨਾ ਵਿੱਚ ਈਰਾਨ ਦੀ ਸੰਭਾਵੀ ਭੂਮਿਕਾ ਬਾਰੇ ਪੁੱਛਿਆ ਗਿਆ, ਤਾਂ ਟਰੰਪ ਨੇ ਇੱਕ ਅਹਿਮ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ ਦੇ ਆਧਾਰ ‘ਤੇ ਉਹ ਇਸ ਘਟਨਾ ਵਿੱਚ ਈਰਾਨ ਦੀ ਸ਼ਮੂਲੀਅਤ ਦੀ ਸੰਭਾਵਨਾ ਨੂੰ ਰੱਦ ਨਹੀਂ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਇਸ ਮਾਮਲੇ ‘ਤੇ ਬਿਆਨ ਜਾਰੀ ਕੀਤਾ ਹੈ। ਨੇਤਨਯਾਹੂ ਨੇ ਕਿਹਾ ਕਿ ਇਸ ਪੜਾਅ ‘ਤੇ ਇਹ ਦਾਅਵਾ ਕਰਨਾ ਜਾਂ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਫਲਾਈਦੁਬਈ ਘਟਨਾ ਵਿੱਚ ਈਰਾਨ ਸ਼ਾਮਲ ਸੀ ਜਾਂ ਨਹੀਂ।

