‘Gold’ emerging from the drains! People come from far and wide to rummage through the piles of trash
ਨਾਲੀਆਂ ‘ਚੋਂ ਨਿਕਲ ਰਿਹਾ ‘ਸੋਨਾ’ ! ਦੂਰੋਂ-ਦੂਰੋਂ ਕੂੜੇ ਦੇ ਢੇਰ ਫਰੋਲਣ ਆਉਂਦੇ ਨੇ ਲੋਕ
Patna, (ਆਵਾਜ਼ਿ ਕੌਮ ਬਿਊਰੋ)-ਆਮ ਤੌਰ ‘ਤੇ ਲੋਕ ਕੂੜੇ ਅਤੇ ਨਾਲੀਆਂ ਤੋਂ ਦੂਰ ਰਹਿੰਦੇ ਹਨ ਪਰ ਬਿਹਾਰ ਦੇ ਆਰਾ ‘ਚ ਕੁਝ ਲੋਕ ਨਾਲੀਆਂ ‘ਚ ਸੋਨੇ ਦੀ ਭਾਲ ਕਰਦੇ ਹਨ। ਆਰਾ ਦੇ ਗੁਦਰੀ ਬਾਜ਼ਾਰ ਅਤੇ ਜਗਜੀਵਨ ਮਾਰਕੀਟ ‘ਚ ਸੋਨੇ-ਚਾਂਦੀ ਦੇ ਗਹਿਣਿਆਂ ਦਾ ਵੱਡੇ ਪੈਮਾਨੇ ‘ਤੇ ਕਾਰੋਬਾਰ ਹੁੰਦਾ ਹੈ। ਇੱਥੇ ਕਈ ਦੁਕਾਨਾਂ ‘ਚ ਗਹਿਣੇ ਬਣਾਉਣ, ਉਨ੍ਹਾਂ ਦੀ ਕਟਿੰਗ, ਘਿਸਾਈ ਅਤੇ ਪਾਲਿਸ਼ ਦਾ ਕੰਮ ਹੁੰਦਾ ਹੈ। ਇਸ ਦੌਰਾਨ ਸੋਨੇ ਦੇ ਛੋਟੇ ਕਣ ਧੂੜ ਅਤੇ ਬੁਰਾਦੇ ਨਾਲ ਮਿਲ ਜਾਂਦੇ ਹਨ। ਸਫ਼ਾਈ ਤੋਂ ਬਾਅਦ ਕੁਝ ਕਣ ਪਾਣੀ ਨਾਲ ਰੁੜ ਕੇ ਨਾਲੀਆਂ ‘ਚ ਪਹੁੰਚ ਜਾਂਦੇ ਹਨ। ਲੋਕ ਨਾਲੀਆਂ ਦੀ ਮਿੱਟੀ ਛਾਣ ਕੇ ਅਤੇ ਧੋ ਕੇ ਸੋਨੇ ਦੇ ਕਣ ਕੱਢਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਕੰਮ ਲਈ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਵੀ ਲੋਕ ਇੱਥੇ ਆਉਂਦੇ ਹਨ। ਉਨ੍ਹਾਂ ਲਈ ਨਾਲੀਆਂ ਦਾ ਕੂੜਾ ਕਮਾਈ ਦਾ ਜ਼ਰੀਆ ਹੈ। ਇਨ੍ਹਾਂ ਨੂੰ ਪਤਾ ਹੈ ਕਿ ਇੱਥੇ ਦੀਆਂ ਨਾਲੀਆਂ ਦੀ ਮਿੱਟੀ ਮਾਮੂਲੀ ਨਹੀਂ ਹੈ। ਉਹ ਬਹੁਤ ਬਾਰੀਕੀ ਨਾਲ ਨਾਲੇ ਦੀ ਗਾਦ ਅਤੇ ਕੂੜੇ ਨੂੰ ਇਕੱਠਾ ਕਰਦੇ ਹਨ, ਫਿਰ ਕਈ ਰਸਾਇਣਾਂ ਅਤੇ ਰਵਾਇਤੀ ਤਰੀਕਿਆਂ ਨੂੰ ਉਸ ਨੂੰ ਧੋ ਕੇ ਉਸ ‘ਚੋਂ ਸੋਨੇ ਦੇ ਚਮਕੀਲੇ ਕਣ ਵੱਖ ਕਰਦੇ ਹਨ। ਹਾਲਾਂਕਿ ਇਹ ਪੂਰੀ ਤਰ੍ਹਾਂ ਨਾਲ ਕਿਸਮਤ ਦਾ ਖੇਡ ਹੈ। ਕਦੇ ਹੱਥ ‘ਚ ਸੋਨਾ ਲੱਗਦਾ ਹੈ ਤਾਂ ਕਦੇ ਸਿਰਫ਼ ਮਿੱਟੀ ਅਤੇ ਨਿਰਾਸ਼ਾ। ਇਸ ਦਾ ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਇੱਥੇ ਘਰਾਂ ‘ਚ ਸਾਲ ਭਰ ਦੀ ਝਾੜੂ ਤੋਂ ਨਿਕਲੀ ਧੂੜ ਅਤੇ ਬੁਰਾਦੇ ਨੂੰ ਕੂੜਾ ਸਮਝ ਕੇ ਸੁੱਟਿਆ ਨਹੀਂ ਜਾਂਦਾ ਸਗੋਂ ਔਰਤਾਂ ਉਸ ਨੂੰ ਸੰਭਾਲ ਕੇ ਇਕ ਕੋਨੇ ‘ਚ ਰੱਖਦੀਆਂ ਹਨ। ਦੀਵਾਲੀ ਦੇ ਨੇੜੇ-ਤੇੜੇ ਜਦੋਂ ਸਫ਼ਾਈ ਹੁੰਦੀ ਹੈ ਤਾਂ ਇਸ ਕੂੜੇ ਦੀ ਬਕਾਇਦਾ ਬੋਲੀ ਲੱਗਦੀ ਹੈ। ਖਰੀਦਾਰ ਇਸ ਕੂੜੇ ਨੂੰ ਚੰਗੀ ਕੀਮਤ ‘ਚ ਖਰੀਦ ਕੇ ਲਿਜਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਸ ‘ਚ ਸੋਨੇ ਦੀ ਚਮਕ ਲੁੱਕੀ ਹੋ ਸਕਦੀ ਹੈ। ਦੁਕਾਨਦਾਰ ਜਾਂ ਘਰ ਦੀਆਂ ਔਰਤਾਂ ਹਰ ਕੋਈ ਸੋਨੇ ਦੇ ਇਕ-ਇਕ ਕਣ ਦੀ ਕੀਮਤ ਸਮਝਦਾ ਹੈ। ਕਟਿੰਗ ਦੌਰਾਨ ਉੱਡਣ ਵਾਲੀ ਧੂੜ ਵੀ ਇੱਥੇ ਸੋਨੇ ਦੇ ਭਾਅ ਵਿਕਦੀ ਹੈ। ਹਾਲਾਂਕਿ ਇਸ ਕੰਮ ‘ਚ ਮਿਹਨਤ ਬਹੁਤ ਹੈ ਅਤੇ ਕਮਾਈ ਦੀ ਕੋਈ ਪੱਕੀ ਗਾਰੰਟੀ ਨਹੀਂ ਹੁੰਦੀ। ਕਈ ਵਾਰ ਦਿਨ ਭਰ ਚਿੱਕੜ ਛਾਨਣ ਤੋਂ ਬਾਅਦ ਵੀ ਹੱਥ ਖਾਲੀ ਰਹਿ ਜਾਂਦੇ ਹਨ। ਫਿਰ ਵੀ ਚਿੱਕੜ ਤੋਂ ਸੋਨਾ ਕੱਢਣ ਦੀ ਇਹ ਉਮੀਦ ਦਾ ਅਨੋਖਾ ਕਾਰੋਬਾਰ ਬਿਹਾਰ ਦੇ ਆਰਾ ਦੀਆਂ ਗਲੀਆਂ ‘ਚ ਅੱਜ ਵੀ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਹੈ।

