Good news for passengers going to Canada, Air India takes big decision, includes many facilities
ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਏਅਰ ਇੰਡੀਆ ਨੇ ਲਿਆ ਵੱਡਾ ਫ਼ੈਸਲਾ, ਕਈ ਸਹੂਲਤਾਂ ਸ਼ਾਮਲ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਏਅਰ ਇੰਡੀਆ ਨੇ ਦਿੱਲੀ-ਟੋਰਾਂਟੋ ਰੂਟ ’ਤੇ ਆਪਣੇ ਨਵੇਂ ਬੀ.787-9 ਜਹਾਜ਼ਾਂ ਦੀ ਸੰਚਾਲਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਕੈਨੇਡਾ ਜਾਣ ਵਾਲੇ ਯਾਤਰੀਆਂ ਨੂੰ ਪਹਿਲੀ ਵਾਰ ਏਅਰਲਾਈਨ ਦੇ ਆਧੁਨਿਕ ਕੇਬਿਨ ਪ੍ਰੋਡਕਟਸ ਅਤੇ ਵਿਸ਼ਵ ਪੱਧਰੀ ਆਨ-ਬੋਰਡ ਸਹੂਲਤਾਂ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਏਅਰਲਾਈਨ ਨੇ ਆਗਾਮੀ ਵਿੰਟਰ 2026-27 ਸੀਜ਼ਨ ਲਈ ਆਪਣੇ ਕੈਨੇਡਾ ਨੈੱਟਵਰਕ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਏਅਰ ਇੰਡੀਆ 25 ਅਕਤੂਬਰ 2026 ਤੋਂ 26 ਮਾਰਚ 2027 ਦੇ ਵਿਚਕਾਰ ਮੁੰਬਈ ਅਤੇ ਟੋਰਾਂਟੋ ਦੇ ਵਿਚਕਾਰ ਹਫ਼ਤੇ ਵਿਚ 3 ਵਾਰ ਚੱਲਣ ਵਾਲੀ ਸੀਜ਼ਨਲ ਨਾਨ-ਸਟਾਪ ਸਰਵਿਸ ਸ਼ੁਰੂ ਕਰੇਗੀ। ਮੁੰਬਈ ਅਤੇ ਟੋਰਾਂਟੋ ਦੇ ਵਿਚਕਾਰ ਸਿੱਧੀ ਉਡਾਣ ਚਲਾਉਣ ਵਾਲੀ ਏਅਰ ਇੰਡੀਆ ਇਕੱਲੀ ਏਅਰਲਾਈਨ ਹੋਵੇਗੀ। ਇਸ ਨਾਲ ਭਾਰਤ/ਕੈਨੇਡਾ ਵਿਚਕਾਰ ਹਰ ਮਹੀਨੇ ਲੱਗਭਗ 4,400 ਵਾਧੂ ਸੀਟਾਂ ਮੁਹੱਈਆ ਹੋਣਗੀਆਂ, ਜਿਸ ਨਾਲ ਕੁੱਲ ਸਮਰੱਥਾ ਦੇ ਨਾਲ-ਨਾਲ ਟੋਰਾਂਟੋ ਰੂਟ ’ਤੇ ਪ੍ਰੀਮੀਅਮ ਸੀਟ ਸਮਰੱਥਾ ਵਿਚ 71 ਫੀਸਦੀ ਵਾਧਾ ਹੋਵੇਗਾ। ਇਸੇ ਦੌਰਾਨ ਮੁੰਬਈ-ਟੋਰਾਂਟੋ ਰੂਟ ’ਤੇ ਅਪਗ੍ਰੇਡਿਡ ਬੋਇੰਗ 777-300 ਈ. ਆਰ. ਜਹਾਜ਼ ਤਾਇਨਾਤ ਕੀਤਾ ਜਾਵੇਗਾ, ਜਿਸ ਵਿਚ ਪ੍ਰਾਈਵੇਸੀ ਸਲਾਈਡਿੰਗ ਦਰਵਾਜ਼ਿਆਂ ਵਾਲੇ 8 ਫ਼ਰਸਟ ਕਲਾਸ ਸੂਟ, ਬਿਜ਼ਨਸ ਕਲਾਸ ਵਿਚ 40 ਫਲੈਟ ਬੈੱਡ ਅਤੇ ਇਕਾਨਮੀ ਕਲਾਸ ਵਿਚ 280 ਸੀਟਾਂ ਹੋਣਗੀਆਂ ਤੇ ਯਾਤਰੀਆਂ ਨੂੰ ਵਾਈ-ਫ਼ਾਈ ਇੰਟਰਨੈੱਟ ਸਹੂਲਤ ਵੀ ਮਿਲੇਗੀ। ਮੁੰਬਈ ਅਤੇ ਦਿੱਲੀ ਹਬ ਤੋਂ ਕੈਨੇਡਾ ਦੇ ਯਾਤਰੀ ਅੰਮ੍ਰਿਤਸਰ, ਅਹਿਮਦਾਬਾਦ, ਬੈਂਗਲੁਰੂ, ਚੰਡੀਗੜ੍ਹ, ਚੇਨਈ, ਹੈਦਰਾਬਾਦ, ਕੋਚੀ, ਲੁਧਿਆਣਾ ਅਤੇ ਵਡੋਦਰਾ ਵਰਗੇ ਪ੍ਰਮੁੱਖ ਸਥਾਨਾਂ ਨਾਲ ਕਨੈਕਟ ਹੋ ਸਕਣਗੇ। ਦਿੱਲੀ-ਟੋਰਾਂਟੋ ਮਾਰਗ ’ਤੇ ਮੌਜੂਦਾ ਸਮੇਂ ’ਚ ਚੱਲਣ ਵਾਲੀਆਂ 10 ਹਫ਼ਤਾਵਾਰੀ ਉਡਾਣਾਂ ਵਿਚੋਂ 7 ਉਡਾਣਾਂ ਨਵੇਂ ਬੋਇੰਗ 787-9 ਜਹਾਜ਼ ਨਾਲ ਸੰਚਾਲਿਤ ਹੋਣਗੀਆਂ। ਬਾਕੀ 3 ਹਫ਼ਤਾਵਾਰੀ ਉਡਾਣਾਂ ਨੂੰ ਵੀ ਫ਼ਲੀਟ ਵਿਸਥਾਰ ਦੇ ਨਾਲ ਜਨਵਰੀ 2027 ਤੱਕ ਨਵੇਂ ਬੋਇੰਗ 787-9 ਜਹਾਜ਼ਾਂ ਨਾਲ ਬਦਲ ਦਿੱਤਾ ਜਾਵੇਗਾ। ਇਸ ਤੋਂ ਬਾਅਦ ਟੋਰਾਂਟੋ ਜਾਣ ਵਾਲੀਆਂ ਏਅਰ ਇੰਡੀਆ ਦੀਆਂ 100 ਫੀਸਦੀ ਉਡਾਣਾਂ ਵਿਚ ਨਵੇਂ ਜਾਂ ਅੱਪਗ੍ਰੇਡ ਕੀਤੇ ਕੇਬਿਨ ਇੰਟੀਰੀਅਰ ਹੋਣਗੇ। ਵਿੰਟਰ ਸੀਜ਼ਨ ਵਿਚ ਏਅਰ ਇੰਡੀਆ ਭਾਰਤ ਤੋਂ ਕੈਨੇਡਾ ਲਈ ਹਰ ਹਫ਼ਤੇ ਕੁੱਲ 20 ਉਡਾਣਾਂ ਦਾ ਸੰਚਾਲਨ ਕਰੇਗੀ, ਜਿਨ੍ਹਾਂ ਵਿਚ ਦਿੱਲੀ ਤੋਂ ਟੋਰਾਂਟੋ ਲਈ 10, ਮੁੰਬਈ ਤੋਂ ਟੋਰਾਂਟੋ ਲਈ 3 ਅਤੇ ਦਿੱਲੀ ਤੋਂ ਵੈਨਕੂਵਰ ਲਈ 7 ਉਡਾਣਾਂ ਸ਼ਾਮਲ ਹਨ। ਏਅਰ ਇੰਡੀਆ ਦੇ ਚੀਫ਼ ਕਮਰਸ਼ੀਅਲ ਅਫ਼ਸਰ ਨਿਪੁਣ ਅਗਰਵਾਲ ਨੇ ਕਿਹਾ ਕਿ ਕੈਨੇਡਾ ਏਅਰ ਇੰਡੀਆ ਦੇ ਸਭ ਤੋਂ ਅਹਿਮ ਅੰਤਰਰਾਸ਼ਟਰੀ ਬਾਜ਼ਾਰਾਂ ਵਿਚੋਂ ਇਕ ਹੈ। ਤਿਉਹਾਰਾਂ ਅਤੇ ਛੁੱਟੀਆਂ ਦੇ ਸੀਜ਼ਨ ਵਿਚ ਭਾਰੀ ਮੰਗ ਨੂੰ ਦੇਖਦੇ ਹੋਏ ਮੁੰਬਈ-ਟੋਰਾਂਟੋ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉੱਤਰੀ ਅਮਰੀਕਾ ਰੂਟ ’ਤੇ ਨਵੇਂ ਜਹਾਜ਼ ਪੇਸ਼ ਕਰਨਾ ਏਅਰ ਇੰਡੀਆ ਦਾ ਅਹਿਮ ਕਦਮ ਹੈ।

