“Sant Giani Harnam Singh Khalsa Bhindranwale Receives Warm Welcome at Birmingham Airport”
ਬਰਮਿੰਘਮ ਏਅਰਪੋਰਟ ’ਤੇ ਪਹੁੰਚੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਸੰਗਤਾਂ ਵੱਲੋਂ ਭਰਵਾਂ ਸਵਾਗਤ

ਬਰਮਿੰਘਮ, 19 ਜੂਨ 2026 – ਦਮਦਮੀ ਟਕਸਾਲ ਦੇ ਮੁਖੀ, ਸੰਤ ਸਮਾਜ ਦੇ ਪ੍ਰਧਾਨ ਅਤੇ ਪ੍ਰਸਿੱਧ ਪੰਥਕ ਸ਼ਖਸੀਅਤ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅੱਜ ਦੁਪਹਿਰ ਯੂਨਾਈਟਿਡ ਕਿੰਗਡਮ ਦੇ ਬਰਮਿੰਘਮ ਏਅਰਪੋਰਟ ’ਤੇ ਪਹੁੰਚੇ। ਉਨ੍ਹਾਂ ਦੀ ਆਮਦ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਵਾਈ ਅੱਡੇ ’ਤੇ ਮੌਜੂਦ ਰਹੀਆਂ ਅਤੇ ਨਿੱਘਾ ਸਵਾਗਤ ਕੀਤਾ।
ਸੰਗਤਾਂ ਵਿੱਚ ਨੌਜਵਾਨ, ਬੀਬੀਆਂ ਅਤੇ ਬਜ਼ੁਰਗ ਵੱਡੀ ਗਿਣਤੀ ਵਿੱਚ ਸ਼ਾਮਲ ਸਨ। ਇਸ ਮੌਕੇ ਸੰਗਤਾਂ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਜੀ ਨੂੰ ਸਿਰੋਪਾਓ ਭੇਟ ਕੀਤੇ ਗਏ ਅਤੇ ਫੁੱਲਾਂ ਦੇ ਗੁਲਦਸਤੇ ਅਰਪਿਤ ਕਰਕੇ ਆਪਣੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ। ਸੰਗਤਾਂ ਨੇ ਉਨ੍ਹਾਂ ਦੀ ਯੂਕੇ ਫੇਰੀ ਨੂੰ ਸਿੱਖੀ ਦੇ ਪ੍ਰਚਾਰ ਅਤੇ ਪੰਥਕ ਚੇਤਨਾ ਲਈ ਮਹੱਤਵਪੂਰਨ ਦੱਸਿਆ।
ਆਪਣੇ ਸੰਖੇਪ ਸੰਬੋਧਨ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸੰਗਤਾਂ ਵੱਲੋਂ ਦਿੱਤੇ ਗਏ ਪਿਆਰ, ਸਤਿਕਾਰ ਅਤੇ ਨਿੱਘੇ ਸਵਾਗਤ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਗੁਰੂ ਘਰ ਨਾਲ ਜੁੜੀਆਂ ਸੰਗਤਾਂ ਦਾ ਪਿਆਰ ਅਤੇ ਸਹਿਯੋਗ ਹਮੇਸ਼ਾ ਸਿੱਖੀ ਦੇ ਪ੍ਰਚਾਰ-ਪਸਾਰ ਅਤੇ ਪੰਥਕ ਸੇਵਾ ਲਈ ਪ੍ਰੇਰਣਾ ਦਿੰਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮ 7 ਵਜੇ (ਯੂਕੇ ਸਮੇਂ ਅਨੁਸਾਰ) ਗੁਰਦੁਆਰਾ ਬਾਬਾ ਸੰਗ ਜੀ, ਸਮਾਦਕ (ਬਰਮਿੰਘਮ) ਵਿਖੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਜਾਣਗੇ। ਇਸ ਮੌਕੇ ਗੁਰਬਾਣੀ ਕੀਰਤਨ, ਕਥਾ-ਵਿਚਾਰ ਅਤੇ ਪੰਥਕ ਸੰਦੇਸ਼ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ।
ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਇਸ ਧਾਰਮਿਕ ਸਮਾਗਮ ਦਾ ਲਾਭ ਲੈਣ।
