Haryana 590 Crore Scam: ACB Probe Reaches Real Estate Sector
ਹਰਿਆਣਾ 590 ਕਰੋੜ ਘੁਟਾਲੇ ਵਿੱਚ ACB ਦੀ ਜਾਂਚ ਰੀਅਲ ਅਸਟੇਟ ਤੱਕ ਪਹੁੰਚੀ

02 ਮਾਰਚ 2026, ਮੋਹਾਲੀ/ਜ਼ੀਰਕਪੁਰ – ਹਰਿਆਣਾ ਵਿੱਚ ਵੱਡੇ ਪੱਧਰ ‘ਤੇ ਵਾਪਰੇ 590 ਕਰੋੜ ਰੁਪਏ ਦੇ ਘੁਟਾਲੇ ਮਾਮਲੇ ਵਿੱਚ ਐਂਟੀ ਕਰੱਪਸ਼ਨ ਬਿਊਰੋ (ACB) ਦੀ ਜਾਂਚ ਹੁਣ ਰੀਅਲ ਅਸਟੇਟ ਖੇਤਰ ਵੱਲ ਵਧ ਗਈ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਘੁਟਾਲੇ ਵਿੱਚ ਸ਼ਾਮਲ ਵਿਅਕਤੀਆਂ ਨੇ ਮੋਹਾਲੀ ਅਤੇ ਜ਼ੀਰਕਪੁਰ ਦੇ ਪੀਰਮੁੱਛੱਲਾ ਇਲਾਕੇ ਵਿੱਚ ਆਲੀਸ਼ਾਨ ਰਿਹਾਇਸ਼ੀ ਸੁਸਾਇਟੀਆਂ ਅਤੇ ਵਪਾਰਕ ਸ਼ੋਅਰੂਮਾਂ ਵਿੱਚ ਭਾਰੀ ਰਕਮ ਨਿਵੇਸ਼ ਕੀਤੀ ਹੈ।
ਐਸੀਬੀ ਨੇ ਬਿਲਡਰਾਂ, ਪ੍ਰਾਪਰਟੀ ਡੀਲਰਾਂ ਅਤੇ ਸਬੰਧਤ ਕੰਪਨੀਆਂ ਦੇ ਰਿਕਾਰਡਾਂ, ਬੈਂਕ ਲੈਣ-ਦੇਣ ਅਤੇ ਪ੍ਰਾਪਰਟੀ ਰਜਿਸਟਰੇਸ਼ਨਾਂ ਦੀ ਵਿਸਥਾਰ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀਆਂ ਨੂੰ ਸੰਕੇਤ ਮਿਲੇ ਹਨ ਕਿ ਘੁਟਾਲੇ ਦੀ ਰਕਮ ਨੂੰ ਲਾਂਡਰਿੰਗ ਕਰਕੇ ਇਹਨਾਂ ਪ੍ਰਾਪਰਟੀਆਂ ਵਿੱਚ ਲਗਾਇਆ ਗਿਆ ਹੈ। ਇਸ ਮਾਮਲੇ ਵਿੱਚ ਹੋਰ ਵੱਡੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
ਪੰਜਾਬ ਅਤੇ ਹਰਿਆਣਾ ਦੇ ਬਾਰਡਰ ਇਲਾਕਿਆਂ ਵਿੱਚ ਰੀਅਲ ਅਸਟੇਟ ਨਾਲ ਜੁੜੇ ਇਹ ਸੰਕੇਤ ਘੁਟਾਲੇ ਨੂੰ ਹੋਰ ਵਿਆਪਕ ਬਣਾ ਰਹੇ ਹਨ ਅਤੇ ਜਾਂਚ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ACB ਨੇ ਇਸ ਸਬੰਧੀ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਅਤੇ ਪੁੱਛਗਿੱਛ ਵੀ ਤੇਜ਼ ਕਰ ਦਿੱਤੀ ਹੈ।
