Heartbreaking accident in Maharashtra: Car collides with divider, 4 youths die tragically
ਮਹਾਰਾਸ਼ਟਰ ‘ਚ ਰੂਹ ਕੰਬਾਊ ਹਾਦਸਾ: ਡਿਵਾਈਡਰ ਨਾਲ ਟਕਰਾਈ ਕਾਰ, 4 ਨੌਜਵਾਨਾਂ ਦੀ ਦਰਦਨਾਕ ਮੌਤ
ਪੁਣੇ (ਆਵਾਜ਼ਿ ਕੌਮ ਬਿਊਰੋ)- ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਪੁਣੇ-ਬੈਂਗਲੁਰੂ ਰਾਸ਼ਟਰੀ ਰਾਜਮਾਰਗ ‘ਤੇ ਮੰਗਲਵਾਰ ਤੜਕੇ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਇੱਕ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾਉਂਦੇ ਹੋਏ ਪਲਟ ਗਈ ਅਤੇ ਫਿਰ ਇੱਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਸੋਮਵਾਰ ਰਾਤ 1:10 ਵਜੇ ਖੰਡਾਲਾ ਤਹਿਸੀਲ ਦੇ ਸ਼ਿਰਵਾਲ ਵਿੱਚ ਰਾਸ਼ਟਰੀ ਰਾਜਮਾਰਗ 48 ਦੇ ਸਤਾਰਾ-ਪੁਣੇ ਲੇਨ ‘ਤੇ ਵਾਪਰਿਆ, ਜਿਸ ਨਾਲ ਇਸ ਵਿਅਸਤ ਰਸਤੇ ‘ਤੇ ਆਵਾਜਾਈ ਵਿੱਚ ਵਿਘਨ ਪਿਆ। ਕਾਰ ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਵੇਦਾਂਤ ਅਰਜੁਨ ਵਾਰਿੰਗੇ (19), ਸੋਨਲਿੰਗ ਧੀਰੇਂਦਰ ਠਾਕੁਰ (19), ਨਿਖਿਲ ਬਾਲੂ ਰਾਉਤ (20) ਅਤੇ ਆਦਿਤਿਆ ਬਾਲਾਸਾਹਿਬ ਗਰੁੜ (19) ਵਜੋਂ ਹੋਈ ਹੈ। ਸਾਰੇ ਲੋਕ ਪੁਣੇ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਹਾਈਵੇਅ ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ, “ਇੱਕ ਕਾਰ ਪੁਣੇ ਤੋਂ ਸਤਾਰਾ ਜਾ ਰਹੀ ਸੀ, ਜਦੋਂ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ। ਗੱਡੀ ਡਿਵਾਈਡਰ ਨਾਲ ਟਕਰਾ ਗਈ, ਪਲਟ ਗਈ। ਫਿਰ ਉਲਟ ਲੇਨ ਵਿੱਚ ਜਾ ਕੇ ਇੱਕ ਟਰੱਕ ਨਾਲ ਟਕਰਾ ਗਈ।”

