Heartbreaking incident in Kartarpur: Attempt to kill wife by giving her Harpic, FIR against husband and mother-in-law
ਕਰਤਾਰਪੁਰ ‘ਚ ਰੂਹ ਕੰਬਾਊ ਵਾਰਦਾਤ: ਪਤਨੀ ਨੂੰ ਹਾਰਪਿਕ ਪਿਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼, ਪਤੀ ਤੇ ਸੱਸ ਖ਼ਿਲਾਫ਼ FIR
ਕਰਤਾਰਪੁਰ (ਜਲੰਧਰ) (ਆਵਾਜ਼ਿ ਕੌਮ ਬਿਊਰੋ)-ਇਕ ਸਥਾਨਕ ਵਿਅਕਤੀ ’ਤੇ ਆਪਣੀ ਪਤਨੀ ਨੂੰ ਕਥਿਤ ਤੌਰ ’ਤੇ ਹਾਰਪਿਕ ਪਿਆ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਾ ਹੈ। ਫੋਰਟਿਸ ਹਸਪਤਾਲ ਵਿਚ ਜ਼ੇਰੇ-ਇਲਾਜ ਔਰਤ ਵੱਲੋਂ ਜੱਜ ਦੇ ਸਾਹਮਣੇ ਬਿਆਨ ਦਿੱਤੇ ਜਾਣ ਤੋਂ ਬਾਅਦ ਪੁਲਸ ਨੇ ਉਸ ਦੇ ਪਤੀ ਅਤੇ ਸੱਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਜਾਣਕਾਰੀ ਅਨੁਸਾਰ 21 ਅਗਸਤ ਨੂੰ ਜੱਜ ਸਾਹਿਬਾ ਨਮਿਤਾ ਸ਼ਰਮਾ (ਜੇ. ਐੱਮ. ਆਈ. ਸੀ.) ਜਲੰਧਰ ਦੇ ਸਾਹਮਣੇ ਫੋਰਟਿਸ ਹਸਪਤਾਲ ਵਿਚ ਜ਼ੇਰੇ-ਇਲਾਜ ਨੇਹਾ ਪਤਨੀ ਉਮੰਗ ਬੱਸੀ, ਨਿਵਾਸੀ ਕਰਤਾਰਪੁਰ ਦੇ ਬਿਆਨ ਦਰਜ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਨੇਹਾ ਬੋਲਣ ਦੀ ਸਥਿਤੀ ਵਿਚ ਨਹੀਂ ਸੀ। ਅਜਿਹੇ ਵਿਚ ਜੱਜ ਸਾਹਿਬਾ ਦੀ ਮੌਜੂਦਗੀ ਵਿਚ ਉਸ ਨੇ ਆਪਣੇ ਹੱਥ ਨਾਲ ਲਿਖ ਕੇ ਬਿਆਨ ਦਿੱਤਾ। ਨੇਹਾ ਨੇ ਆਪਣੇ ਬਿਆਨ ਵਿਚ ਦੋਸ਼ ਲਾਇਆ ਕਿ ਉਸ ਦੇ ਪਤੀ ਉਮੰਗ ਬੱਸੀ ਦੇ ਸਤਨਾਮ ਕੌਰ ਨਾਂ ਦੀ ਲੜਕੀ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਦੀ ਜਾਣਕਾਰੀ ਉਸ ਨੂੰ ਸੀ। ਇਸੇ ਗੱਲ ਨੂੰ ਲੈ ਕੇ ਲੰਘੀ 19 ਅਗਸਤ ਨੂੰ ਉਸ ਦੇ ਪਤੀ ਅਤੇ ਸੱਸ ਨੇ ਕਥਿਤ ਤੌਰ ’ਤੇ ਉਸ ਨੂੰ ਹਾਰਪਿਕ ਪਿਆ ਦਿੱਤਾ, ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ। ਜੱਜ ਦੇ ਸਾਹਮਣੇ ਬਿਆਨ ਦਰਜ ਹੋਣ ਤੋਂ ਬਾਅਦ ਪੁਲਸ ਨੇ ਉਮੰਗ ਬੱਸੀ ਅਤੇ ਉਸ ਦੀ ਮਾਂ ਕੁਸਮ ਬੱਸੀ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 123, 109 ਅਤੇ 85 ਤਹਿਤ ਮਾਮਲਾ ਦਰਜ ਕਰ ਲਿਆ ਹੈ। ਨੇਹਾ ਦੇ ਭਰਾ ਅਮਰੀਸ਼ ਕੁਮਾਰ ਨਿਵਾਸੀ ਧੂਰੀ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਨਾਲ ਇਹ ਘਟਨਾ 19 ਅਗਸਤ ਨੂੰ ਵਾਪਰੀ ਸੀ ਅਤੇ ਉਸ ਨੂੰ ਉਸੇ ਸ਼ਾਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਉਮੰਗ ਬੱਸੀ ਦੇ ਜੀਜੇ ਪੰਕਜ ਦੂਆ ਨੇ ਲਗਭਗ 24 ਘੰਟੇ ਬਾਅਦ 20 ਅਗਸਤ ਨੂੰ ਦਿੱਤੀ ਸੀ। ਅਮਰੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਦੀ ਭੈਣ ਵੈਂਟੀਲੇਟਰ ’ਤੇ ਸੀ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਪਰਿਵਾਰ ਨੇ ਬੀਤੇ ਦਿਨ ਤੋਂ ਲਗਾਤਾਰ ਕਰਤਾਰਪੁਰ ਪੁਲਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਮੰਗ ਬੱਸੀ ਸ਼ੁੱਕਰਵਾਰ ਸਵੇਰੇ ਲਗਭਗ 10 ਵਜੇ ਤੱਕ ਹਸਪਤਾਲ ਵਿਚ ਮੌਜੂਦ ਸੀ, ਪਰ ਬਾਅਦ ਵਿਚ ਉਹ ਆਪਣੀ ਮਾਂ ਅਤੇ ਧੀ ਨਾਲ ਕਿਸੇ ਵਾਹਨ ਵਿਚ ਬੈਠ ਕੇ ਉੱਥੋਂ ਚਲਾ ਗਿਆ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪੀੜਤ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 7 ਸਾਲ ਪਹਿਲਾਂ ਉਮੰਗ ਬੱਸੀ ਨਾਲ ਹੋਇਆ ਸੀ ਅਤੇ ਉਸ ਦੀ ਇਕ 6 ਸਾਲ ਦੀ ਧੀ ਵੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਭੈਣ ਆਪਣੀ ਧੀ ਨੂੰ ਦੇਖਣਾ ਚਾਹੁੰਦੀ ਹੈ ਪਰ ਹੁਣ ਜੀਜਾ ਅਤੇ ਮਾਂ ਧੀ ਨੂੰ ਨਾਲ ਲੈ ਕੇ ਫ਼ਰਾਰ ਹੋ ਗਏ।

