Heavy rain in the plains and snowfall in the mountains of Jammu and Kashmir; woman swept away in floodwaters
ਜੰਮੂ-ਕਸ਼ਮੀਰ ’ਚ ਮੈਦਾਨੀ ਇਲਾਕਿਆਂ ’ਚ ਭਾਰੀ ਮੀਂਹ ਅਤੇ ਪਹਾੜਾਂ ’ਤੇ ਬਰਫ਼ਬਾਰੀ, ਹੜ੍ਹ ’ਚ ਔਰਤ ਰੁੜ੍ਹੀ
ਜੰਮੂ (ਆਵਾਜ਼ਿ ਕੌਮ ਬਿਊਰੋ)-ਜੰਮੂ-ਕਸ਼ਮੀਰ ’ਚ ਮੈਦਾਨੀ ਖੇਤਰ ’ਚ ਭਾਰੀ ਮੀਂਹ ਤੇ ਪਹਾੜਾਂ ’ਤੇ ਬਰਫਬਾਰੀ ਹੋਈ। ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ’ਚ ਐਤਵਾਰ ਨੂੰ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ, ਸੜਕਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਪਾਣੀ ਭਰ ਗਿਆ, ਵਾਹਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਥਾਵਾਂ ’ਤੇ ਢਿਗਾਂ ਡਿੱਗੀਆਂ। ਉੱਥੇ ਹੀ, ਗੁਲਮਰਗ ’ਚ ਅਪਹਰਵਤ ਚੋਟੀ ’ਤੇ ਤਾਜ਼ਾ ਬਰਫਬਾਰੀ ਹੋਈ। ਗੁਲਮਰਗ ਦੇ ਨਾਲ-ਨਾਲ ਮੁਗਲ ਰੋਡ ਗੁਰਜਮ ਸੈਕਟਰ ਤੇ ਅਮਰਨਾਥ ਗੁਫਾ ’ਤੇ ਵੀ ਬਰਫਬਾਰੀ ਹੋਈ, ਜਿਸ ਨਾਲ ਤਾਪਮਾਨ ’ਚ ਭਾਰੀ ਗਿਰਾਵਟ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਇਪੁਰ ਡੋਮਾਨਾ ਇਲਾਕੇ ’ਚ ਆਪਣੇ ਪਤੀ ਨਾਲ ਸੜਕ ਪਾਰ ਕਰਦੇ ਸਮੇਂ ਅਚਾਨਕ ਆਈ ਹੜ੍ਹ ’ਚ 27 ਸਾਲਾ ਔਰਤ ਲਾਪਤਾ ਹੋ ਗਈ। ਉਨ੍ਹਾਂ ਕਿਹਾ ਕਿ ਔਰਤ ਅਤੇ ਉਸ ਦਾ ਪਤੀ ਸੜਕ ਪਾਰ ਕਰ ਰਹੇ ਸਨ, ਉਦੋਂ ਹੀ ਅਚਾਨਕ ਆਏ ਹੜ੍ਹ ਦੇ ਪਾਣੀ ’ਚ ਦੋਵੇਂ ਰੁੜ੍ਹ ਗਏ। ਮਰਦ ਨੂੰ ਬਚਾ ਲਿਆ ਗਿਆ ਪਰ ਔਰਤ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਅਤੇ ਰਾਜ ਆਫਤ ਪ੍ਰਬੰਧਨ ਫੋਰਸ (ਐੱਸ. ਡੀ. ਆਰ. ਐੱਫ.) ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਲਾਪਤਾ ਔਰਤ ਦੀ ਭਾਲ ਸ਼ੁਰੂ ਕੀਤੀ। ਜੰਮੂ ’ਚ ਸਵੇਰੇ ਲੱਗਭਗ ਸਾਢੇ 8 ਵਜੇ ਸ਼ੁਰੂ ਹੋਇਆ ਭਾਰੀ ਮੀਂਹ 3 ਘੰਟਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ। ਇਸ ਨਾਲ ਕਈ ਪ੍ਰਮੁੱਖ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਆਵਾਜਾਈ ਪ੍ਰਭਾਵਿਤ ਹੋਈ।

