Heavy rains wreak havoc in Uttarakhand, stones fall on Badrinath-Kedarnath road, many vehicles get stuck
ਉੱਤਰਾਖੰਡ ’ਚ ਭਾਰੀ ਮੀਂਹ ਦਾ ਕਹਿਰ, ਬਦਰੀਨਾਥ-ਕੇਦਾਰਨਾਥ ਮਾਰਗ ’ਤੇ ਪੱਥਰ ਡਿੱਗੇ, ਕਈ ਵਾਹਨ ਫਸੇ
ਦੇਹਰਾਦੂਨ (ਆਵਾਜ਼ਿ ਕੌਮ ਬਿਊਰੋ)-ਉੱਤਰਾਖੰਡ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਪਹਾੜਾਂ ਤੋਂ ਮਲਬਾ ਅਤੇ ਚੱਟਾਨਾਂ ਡਿੱਗਣ ਕਾਰਨ ਬਦਰੀਨਾਥ ਕੌਮੀ ਰਾਜਮਾਰਗ ਅਤੇ ਕੇਦਾਰਨਾਥ ਯਾਤਰਾ ਮਾਰਗ ਕਈ ਥਾਵਾਂ ’ਤੇ ਬੰਦ ਹੋ ਗਏ ਹਨ, ਜਿਸ ਕਾਰਨ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਦੇ ਵਾਹਨ ਫਸ ਗਏ। ਮੌਸਮ ਵਿਭਾਗ ਨੇ ਦੇਹਰਾਦੂਨ ਸਮੇਤ 5 ਜ਼ਿਲਿਆਂ ਲਈ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਰੁਦਰਪ੍ਰਯਾਗ ਜ਼ਿਲੇ ਦੇ ਮੁਨਕਟੀਆ ਇਲਾਕੇ ਵਿਚ ਪਹਾੜੀ ਤੋਂ ਪੱਥਰ ਡਿੱਗਣ ਤੋਂ ਬਾਅਦ ਕੇਦਾਰਨਾਥ ਯਾਤਰਾ ਮਾਰਗ ਬੰਦ ਹੋ ਗਿਆ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸੋਨਪ੍ਰਯਾਗ-ਮੁਨਕਟੀਆ ਮਾਰਗ ’ਤੇ ਵਾਹਨਾਂ ਅਤੇ ਪੈਦਲ ਯਾਤਰੀਆਂ ਦੀ ਆਵਾਜਾਈ ਨੂੰ ਅਹਿਤਿਆਤ ਵਜੋਂ ਅਸਥਾਈ ਤੌਰ ’ਤੇ ਰੋਕ ਦਿੱਤਾ। ਜ਼ਿਲਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਜਵਾਰ ਨੇ ਦੱਸਿਆ ਕਿ ਜੇ. ਸੀ. ਬੀ. ਮਸ਼ੀਨਾਂ ਰਾਹੀਂ ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਰਸਤਾ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਤੋਂ ਬਾਅਦ ਹੀ ਆਵਾਜਾਈ ਬਹਾਲ ਕੀਤੀ ਜਾਵੇਗੀ। ਦੂਜੇ ਪਾਸੇ, ਚਮੋਲੀ ਜ਼ਿਲੇ ਵਿਚ ਗੁਲਾਬਕੋਟੀ ਪਿੰਡ ਦੇ ਨੇੜੇ ਪਹਾੜੀ ਤੋਂ ਮਲਬਾ ਆਉਣ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ। ਇਸ ਕਾਰਨ ਬਦਰੀਨਾਥ ਅਤੇ ਹੇਮਕੁੰਟ ਸਾਹਿਬ ਆਉਣ-ਜਾਣ ਵਾਲੇ ਸ਼ਰਧਾਲੂਆਂ ਦੇ ਵਾਹਨਾਂ ਦੀਆਂ ਦੋਵੇਂ ਪਾਸੇ ਲੰਬੀਆਂ ਲਾਈਨਾਂ ਲੱਗ ਗਈਆਂ। ਨੈਸ਼ਨਲ ਹਾਈਵੇ ਐਂਡ ਇੰਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨ. ਐੱਚ. ਆਈ. ਡੀ. ਸੀ. ਐੱਲ.) ਦੀਆਂ ਟੀਮਾਂ ਰਸਤੇ ਨੂੰ ਜਲਦੀ ਖੋਲ੍ਹਣ ’ਚ ਜੁਟੀਆਂ ਹੋਈਆਂ ਹਨ। ਮੌਸਮ ਵਿਭਾਗ ਅਨੁਸਾਰ ਦੇਹਰਾਦੂਨ, ਟਿਹਰੀ, ਪੌੜੀ, ਨੈਨੀਤਾਲ ਅਤੇ ਬਾਗੇਸ਼ਵਰ ਜ਼ਿਲਿਆਂ ’ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਹਰਿਦੁਆਰ, ਉੱਤਰਕਾਸ਼ੀ, ਰੁਦਰਪ੍ਰਯਾਗ ਅਤੇ ਚਮੋਲੀ ਜ਼ਿਲਿਆਂ ਵਿਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

