Heavy snowfall at Gurdwara Sri Hemkunt Sahib; pilgrimage suspended for two days
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋਈ ਭਾਰੀ ਬਰਫ਼ਬਾਰੀ, ਦੋ ਦਿਨਾਂ ਲਈ ਰੋਕੀ ਯਾਤਰਾ
Rishikesh, (ਆਵਾਜ਼ਿ ਕੌਮ ਬਿਊਰੋ)-ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਉੱਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫ਼ਬਾਰੀ ਹੋਈ। ਬਰਫ਼ਬਾਰੀ ਹੋਣ ਨਾਲ ਗੁਰਦੁਆਰਾ ਸਾਹਿਬ ਵਿਖੇ ਬਰਫ਼ ਦੀ ਚਿੱਟੀ ਚਾਦਰ ਸਾਫ਼ ਦਿਖਾਈ ਦੇ ਰਹੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਹੋਰ ਉੱਚੀਆਂ ਪਹਾੜੀਆਂ ’ਤੇ ਹੋ ਰਹੀ ਬਰਫ਼ਬਾਰੀ ਕਾਰਨ ਯਾਤਰਾ ਦੋ ਦਿਨਾਂ 26 ਅਤੇ 27 ਸਤੰਬਰ ਲਈ ਰੋਕ ਦਿੱਤੀ ਗਈ। ਯਾਨੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਹੁਣ 28 ਸੰਤਬਰ ਨੂੰ ਮੁੜ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਲਗਾਤਾਰ ਹੋ ਰਹੀ ਬਰਫ਼ਬਾਰੀ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਬਰਫ਼ ਦਾ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਬਰਫ਼ ਦੀ ਚਿੱਟੀ ਚਾਦਰ ਦੀ ਲਪੇਟ ਵਿਚ ਆਏ ਗੁਰਦੁਆਰਾ ਸਾਹਿਬ ਅਤੇ ਸੁੰਦਰ ਪਹਾੜੀਆਂ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਆਈ.ਐਮ.ਡੀ. (IMD) ਨੇ ਅਗਲੇ 2 ਦਿਨਾਂ ਦੌਰਾਨ ਰਾਜ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।

