Helicopter crashes into fields! Fire breaks out as soon as it hits, no one survives
ਕ੍ਰੈਸ਼ ਹੋ ਕੇ ਖੇਤਾਂ ‘ਚ ਜਾ ਡਿੱਗਾ ਹੈਲੀਕਾਪਟਰ ! ਡਿੱਗਦੇ ਹੀ ਲੱਗ ਗਈ ਅੱਗ, ਨਹੀਂ ਬਚਿਆ ਕੋਈ
Texas, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸੈਂਟ੍ਰਲ ਟੈਕਸਾਸ ਵਿੱਚ ਫੋਰਟ ਹੁੱਡ ਮਿਲਟਰੀ ਬੇਸ ਦਾ ਇੱਕ ‘AH-64 ਅਪਾਚੇ’ ਲੜਾਕੂ ਹੈਲੀਕਾਪਟਰ ਬੁੱਧਵਾਰ ਦੁਪਹਿਰ ਨੂੰ ‘ਸਲਾਡੋ’ ਨੇੜੇ ਖੇਤਾਂ ਵਿੱਚ ਕ੍ਰੈਸ਼ ਹੋ ਕੇ ਡਿੱਗ ਗਿਆ। ਇਸ ਦਰਦਨਾਕ ਹਾਦਸੇ ਸਮੇਂ ਹੈਲੀਕਾਪਟਰ ‘ਚ ਅਮਰੀਕੀ ਫ਼ੌਜ ਦੇ 2 ਜਵਾਨ ਸਵਾਰ ਸਨ, ਜਿਨ੍ਹਾਂ ਦੀ ਦਰਦਨਾਕ ਮੌਤ ਹੋ ਗਈ ਹੈ। ਬੈੱਲ ਕਾਊਂਟੀ ਸ਼ੈਰਿਫ਼ ਆਫ਼ਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਬੁੱਧਵਾਰ ਦੁਪਹਿਰ ਲਗਭਗ 1:35 ਵਜੇ ਵਾਪਰਿਆ। ਹੈਲੀਕਾਪਟਰ ਦੇ ਜ਼ਮੀਨ ‘ਤੇ ਡਿੱਗਦਿਆਂ ਹੀ ਖੇਤਾਂ ‘ਚ ਭਿਆਨਕ ਅੱਗ ਲੱਗ ਗਈ, ਜੋ ਲਗਭਗ 100 ਏਕੜ ਤੱਕ ਫੈਲ ਗਈ। ਅੱਗ ‘ਤੇ ਕਾਬੂ ਪਾਉਣ ਲਈ ਨੇੜਲੇ ਇਲਾਕਿਆਂ ਨੂੰ ਖਾਲੀ ਕਰਵਾਉਣਾ ਪਿਆ। ਫੋਰਟ ਹੁੱਡ ਵੱਲੋਂ ਜਾਰੀ ਬਿਆਨ ਅਨੁਸਾਰ, ਹਾਦਸੇ ‘ਚ ਜਾਨ ਗੁਆਉਣ ਵਾਲੇ ਦੋਵਾਂ ਜਵਾਨਾਂ ਦੀਆਂ ਦੇਹਾਂ ਨੂੰ ‘ਕਾਰਲ ਆਰ ਡਾਰਨਲ ਆਰਮੀ ਮੈਡੀਕਲ ਸੈਂਟਰ’ ਭੇਜਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਹੀ 24 ਘੰਟਿਆਂ ਅੰਦਰ ਉਨ੍ਹਾਂ ਦੀ ਪਛਾਣ ਜਨਤਕ ਕੀਤੀ ਜਾਵੇਗੀ। ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫੋਰਟ ਹੁੱਡ ਦੇ ਅਧਿਕਾਰੀ ਅਤੇ ਸਥਾਨਕ ਰੈਸਕਿਊ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। AH-64 ਅਪਾਚੇ ਦੋ ਸੀਟਾਂ ਵਾਲਾ ਇੱਕ ਪ੍ਰਮੁੱਖ ਲੜਾਕੂ ਹੈਲੀਕਾਪਟਰ ਹੈ, ਜੋ 1980 ਦੇ ਦਹਾਕੇ ਤੋਂ ਅਮਰੀਕੀ ਫੌਜ ਦਾ ਇੱਕ ਅਹਿਮ ਹਿੱਸਾ ਰਿਹਾ ਹੈ। ਇਸ ਦਾ ਅਚਾਨਕ ਕ੍ਰੈਸ਼ ਹੋ ਜਾਣਾ ਇਸ ਦੀ ਭਰੋਸੇਯੋਗਤਾ ‘ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।

