Hormuz will open soon! A major agreement between America and Iran may be reached today or tomorrow
ਜਲਦ ਖੁੱਲ੍ਹੇਗਾ ਹੋਰਮੁਜ਼ ! ਅਮਰੀਕਾ-ਈਰਾਨ ਵਿਚਾਲੇ ਅੱਜ ਜਾਂ ਭਲਕੇ ਹੋ ਸਕਦਾ ਹੈ ਵੱਡਾ ਸਮਝੌਤਾ
Tehran, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਅਮਰੀਕਾ ਅਤੇ ਈਰਾਨ ਮੰਗਲਵਾਰ ਜਾਂ ਬੁੱਧਵਾਰ ਨੂੰ ‘ਹੋਰਮੁਜ਼ ਸਟ੍ਰੇਟ’ ਨੂੰ ਵਪਾਰਕ ਜਹਾਜ਼ਾਂ ਲਈ ਮੁੜ ਖੋਲ੍ਹਣ ਸਬੰਧੀ ਸਮਝੌਤੇ ‘ਤੇ ਪਹੁੰਚ ਸਕਦੇ ਹਨ। ਬੈਸੈਂਟ ਨੇ ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿਚ ਦੱਸਿਆ,,”ਅਸੀਂ ਇਸ ਸਮੇਂ ਈਰਾਨੀਆਂ ਨਾਲ ਗੱਲਬਾਤ ਕਰ ਰਹੇ ਹਾਂ। ਉਨ੍ਹਾਂ ਉਮੀਦ ਜਤਾਈ ਕਿ ਅੱਜ ਜਾਂ ਭਲਕੇ ਤੱਕ ਇਸ ਸਮੁੰਦਰੀ ਰਸਤੇ ਨੂੰ ਆਮ ਵਾਂਗ ਖੋਲ੍ਹਣ ਅਤੇ ਜਹਾਜ਼ਾਂ ਦੀ ਨਿਰਵਿਘਨ ਆਵਾਜਾਈ ਯਕੀਨੀ ਬਣਾਉਣ ਲਈ ਸਹਿਮਤੀ ਬਣ ਜਾਵੇਗੀ, ਜੋ ਕਿ ਇਸ ਸੰਘਰਸ਼ ਵਿੱਚ ਇੱਕ ਸਥਿਰ ਸਥਿਤੀ ਵੱਲ ਵੱਡਾ ਕਦਮ ਹੋਵੇਗਾ । ਇਸ ਸੰਭਾਵੀ ਸਮਝੌਤੇ ਤਹਿਤ ਵਪਾਰਕ ਜਹਾਜ਼ਾਂ ਨੂੰ ਹੋਰਮੁਜ਼ ਦੇ ਰਸਤੇ ਰਾਹੀਂ ਬਿਨਾਂ ਕਿਸੇ ਰੁਕਾਵਟ ਦੇ ਲੰਘਣ ਦੀ ਆਜ਼ਾਦੀ ਦਿੱਤੀ ਜਾਵੇਗੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਈਰਾਨ ਨੂੰ ਟੋਲ ਵਸੂਲਣ ਦੀ ਇਜਾਜ਼ਤ ਦਿੱਤੀ ਜਾਵੇਗੀ, ਤਾਂ ਖਜ਼ਨਾ ਸਕੱਤਰ ਨੇ ਸਪੱਸ਼ਟ ਕੀਤਾ ਕਿ ਇਸ ਸਮਝੌਤੇ ਦਾ ਮੁੱਖ ਉਦੇਸ਼ ‘ਫਰੀਡਮ ਆਫ ਮੂਵਮੈਂਟ’ (ਆਵਾਜਾਈ ਦੀ ਆਜ਼ਾਦੀ) ਨੂੰ ਬਹਾਲ ਕਰਨਾ ਹੈ। ਬੈਸੈਂਟ ਦੀਆਂ ਟਿੱਪਣੀਆਂ ਤੋਂ ਬਾਅਦ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆ ਗਈ। ਕੱਚੇ ਤੇਲ ਦੀਆਂ ਕੀਮਤਾਂ ਲਗਭਗ 4% ਡਿੱਗ ਕੇ 77 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ। ਬੇਸੈਂਟ ਨੇ ਕਿਹਾ ਕਿ ਉਸਨੂੰ ਉਮੀਦ ਹੈ ਕਿ ਹੋਰਮੁਜ਼ ਖੁੱਲ੍ਹਣ ‘ਤੇ ਕੀਮਤਾਂ ਹੋਰ ਘਟਣਗੀਆਂ। ਮੌਜੂਦਾ ਸਮੇਂ ਵਿੱਚ ਸੈਂਕੜੇ ਅਤੇ ਸ਼ਾਇਦ 1,000 ਦੇ ਕਰੀਬ ਵਪਾਰਕ ਜਹਾਜ਼ ਹੋਰਮੁਜ਼ ਸਟ੍ਰੇਟ ਵਿੱਚ ਫਸੇ ਹੋਏ ਹਨ ਅਤੇ ਰਸਤਾ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਇਹਨਾਂ ਜਹਾਜ਼ਾਂ ਵਿੱਚ ਸਿਰਫ਼ ਤੇਲ ਹੀ ਨਹੀਂ, ਸਗੋਂ ਖਾਦਾਂ, ਉਦਯੋਗਿਕ ਗੈਸਾਂ ਅਤੇ ਹੋਰ ਜ਼ਰੂਰੀ ਉਤਪਾਦ ਲੱਦਿਆ ਹੋਇਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਰਸਤੇ ਦੇ ਖੁੱਲ੍ਹਣ ਨਾਲ ਵਿਸ਼ਵ ਪੱਧਰ ‘ਤੇ ਵਪਾਰਕ ਖੇਤਰ ਨੂੰ ਵੱਡੀ ਰਾਹਤ ਮਿਲੇਗੀ।

