Hoshiarpur youth achieves major milestone; joins US Army
ਹੁਸ਼ਿਆਰਪੁਰ ਦੇ ਨੌਜਵਾਨ ਨੇ ਮਾਰੀਆਂ ਵੱਡੀਆਂ ਮੱਲਾਂ, ਅਮਰੀਕੀ ਫ਼ੌਜ ‘ਚ ਹੋਇਆ ਭਰਤੀ
ਮਾਹਿਲਪੁਰ (ਆਵਾਜ਼ਿ ਕੌਮ ਬਿਊਰੋ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਇਲਾਕੇ ’ਚ ਪੈਂਦੇ ਪਿੰਡ ਪੰਡੋਰੀ ਮਹਿਤਵਾਂ ਰਾਜਪੂਤਾਂ ਦੇ 27 ਸਾਲਾ ਨੌਜਵਾਨ ਤਰਨਜੀਤ ਸਿੰਘ ਨੇ ਯੂ. ਐੱਸ. ਏ. ਆਰਮੀ ’ਚ ਭਰਤੀ ਹੋ ਕੇ ਪੂਰੇ ਪੰਜਾਬ ਦਾ ਨਾਂ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਹਰਦੇਵ ਸਿੰਘ ਦੇ ਸਪੁੱਤਰ ਤਰਨਜੀਤ ਸਿੰਘ ਨੇ ਆਪਣੀ ਸਖ਼ਤ ਘਾਲਣਾ ਨਾਲ ਪੰਜਾਬ ਦੀ ਮਿੱਟੀ ਤੋਂ ਸ਼ੁਰੂ ਕੀਤਾ ਸਫ਼ਰ ਅਮਰੀਕੀ ਫ਼ੌਜ ਦੀ ਵਰਦੀ ਪਹਿਨਣ ਤੱਕ ਪਹੁੰਚਾਇਆ ਹੈ। ਉਸ ਦੀ ਇਹ ਸ਼ਾਨਦਾਰ ਸਫ਼ਲਤਾ ਪੰਜਾਬੀ ਨੌਜਵਾਨਾਂ ਦੀ ਮਿਹਨਤ, ਜਜ਼ਬੇ ਅਤੇ ਲਗਨ ਦੀ ਇਕ ਮਿਸਾਲੀ ਉਦਾਹਰਣ ਹੈ। ਤਰਨਜੀਤ ਸਿੰਘ ਦੇ ਅਮਰੀਕੀ ਫ਼ੌਜ ’ਚ ਸ਼ਾਮਲ ਹੋਣ ਦੀ ਖ਼ਬਰ ਮਿਲਦੇ ਹੀ ਪਰਿਵਾਰ ਅਤੇ ਪੂਰੇ ਪਿੰਡ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਲਾਕੇ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਤਰਨਜੀਤ ਦੇ ਪਿਤਾ ਹਰਦੇਵ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

