Punjab: NRI’s house set on fire! Explosion occurred after a tyre burst
ਪੰਜਾਬ: NRI ਦੇ ਘਰ ਨੂੰ ਲਾਈ ਅੱਗ! ਟਾਇਰ ਫੱਟਣ ਮਗਰੋਂ ਹੋਇਆ ਧਮਾਕਾ
ਕਪੂਰਥਲਾ (ਆਵਾਜ਼ਿ ਕੌਮ ਬਿਊਰੋ)-ਕਪੂਰਥਲਾ ਵਿਖੇ ਵਿਦੇਸ਼ ਰਹਿੰਦੇ ਇਕ ਐੱਨ. ਆਰ. ਆਈ. ਪਰਿਵਾਰ ਦੇ ਘਰ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਦੇਰ ਰਾਤ ਕੁਝ ਅਣਪਛਾਤੇ ਵਿਅਕਤੀ ਘਰ ‘ਚ ਦਾਖ਼ਲ ਹੋਏ ਅਤੇ ਖੜ੍ਹੀ ਸਕਾਰਪੀਓ ਗੱਡੀ ਅਤੇ ਕੁਝ ਘਰੇਲੂ ਸਾਮਾਨ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦਾ ਪਤਾ ਆਂਢ-ਗੁਆਂਢ ‘ਚ ਰਹਿੰਦੇ ਲੋਕਾਂ ਨੂੰ ਉਸ ਵੇਲੇ ਲੱਗਾ ਜਦੋਂ ਅੱਗ ਲੱਗਣ ਕਾਰਨ ਗੱਡੀ ਦੇ ਟਾਇਰ ਫਟਣੇ ਸ਼ੁਰੂ ਹੋ ਗਏ ਅਤੇ ਜ਼ੋਰਦਾਰ ਧਮਾਕਾ ਹੋਇਆ। ਇਸ ਦੇ ਬਾਅਦ ਆਂਢ-ਗੁਆਂਢ ਦੇ ਲੋਕਾਂ ਵੱਲੋਂ ਕਾਫ਼ੀ ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ ਗਿਆ ਅਤੇ ਤੁਰੰਤ ਐੱਨ. ਆਰ. ਆਈ. ਪਰਿਵਾਰ ਨੂੰ ਫੋਨ ‘ਤੇ ਸੂਚਨਾ ਦਿੱਤੀ ਗਈ। ਇਹ ਘਟਨਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਖੈੜਾ ਬੇਟ ਦੀ ਹੈ, ਜਿੱਥੋਂ ਦਾ ਕੁਲਵੰਤ ਸਿੰਘ ਖੈੜਾ ਪੁੱਤਰ ਲੰਬੜਦਾਰ ਕਰਨੈਲ ਸਿੰਘ ਦਾ ਪਰਿਵਾਰ ਲੰਮੇ ਸਮੇਂ ਤੋਂ ਵਿਦੇਸ਼ ‘ਚ ਰਹਿ ਰਿਹਾ ਹੈ। ਪੱਤਰਕਾਰਾਂ ਨਾਲ ਫੋਨ ‘ਤੇ ਗੱਲਬਾਤ ਕਰਦੇ ਐੱਨ. ਆਰ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਇਕ ਸਥਾਨਕ ਧਾਰਮਿਕ ਡੇਰੇ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਉਸ ਨੂੰ ਪੂਰਾ ਸ਼ੱਕ ਹੈ ਕਿ ਇਸ ਘਟਨਾ ਨੂੰ ਉਕਤ ਡੇਰੇ ਦੇ ਵਿਅਕਤੀਆਂ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਪਾਸੋ ਇਸ ਘਟਨਾ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਦੀ ਸੂਚਨਾ ਮਿਲਣ ਮਗਰੋਂ ਥਾਣਾ ਫੱਤੂਢੀਂਗਾ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਤੱਕ ਪੁਲਸ ਕਦੋ ਪਹੁੰਚਦੀ ਹੈ।

