“I am proud of the youth power of the country..!”, PM Modi praised the Indian youth
”ਮੈਨੂੰ ਦੇਸ਼ ਦੀ Youth Power ‘ਤੇ ਮਾਣ ਹੈ..!”, PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼
ਨਵੀਂ ਦਿੱਲੀ(ਆਵਾਜ਼ਿ ਕੌਮ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 136ਵੇਂ ਐਪੀਸੋਡ ਵਿੱਚ ਸਪੇਸ ਅਤੇ ਵਿਗਿਆਨ ਦੇ ਖੇਤਰ ਵਿੱਚ ਭਾਰਤੀ ਨੌਜਵਾਨਾਂ ਵੱਲੋਂ ਮਾਰੀਆਂ ਗਈਆਂ ਮੱਲਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਯੂਥ ਪਾਵਰ ‘ਤੇ ਬਹੁਤ ਮਾਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਐਤਵਾਰ ਨੂੰ ‘ਵਿਕਰਮ-1’ ਰਾਕੇਟ ਦੀ ਸਫ਼ਲ ਲਾਂਚਿੰਗ ਨੇ ਹਰ ਭਾਰਤੀ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ‘ਵਿਕਸਿਤ ਭਾਰਤ’ ਦੇ ਤਹਿਤ ਪ੍ਰਾਈਵੇਟ ਸੈਕਟਰ ਦੁਆਰਾ ਤਿਆਰ ਕੀਤਾ ਗਿਆ ਇਹ ਪਹਿਲਾ ਰਾਕੇਟ ਹੈ। ਉਨ੍ਹਾਂ ਕਿਹਾ ਕਿ ਸਪੇਸ ਸੈਕਟਰ ਨੂੰ ਪ੍ਰਾਈਵੇਟ ਖੇਤਰ ਲਈ ਖੋਲ੍ਹਣ ਦੇ ਨਤੀਜੇ ਹੁਣ ਪੂਰੀ ਦੁਨੀਆ ਦੇਖ ਰਹੀ ਹੈ। ਉਨ੍ਹਾਂ ਇਸੇ ਮਹੀਨੇ ਹੋਏ ਅੰਤਰਰਾਸ਼ਟਰੀ ਓਲੰਪੀਆਡਜ਼ ‘ਚ ਭਾਰਤੀ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ਼ ਕੀਤੀ। ਫਿਜ਼ਿਕਸ ਓਲੰਪੀਆਡ ‘ਚ ਭਾਰਤ ਦੇ ਸਾਰੇ 5 ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤੇ ਅਤੇ ਭਾਰਤ ਨੇ ਦੁਨੀਆ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕੈਮਿਸਟਰੀ ਓਲੰਪੀਆਡ ‘ਚ ਹਿੱਸਾ ਲੈਣ ਵਾਲੇ ਸਾਰੇ ਭਾਰਤੀ ਵਿਦਿਆਰਥੀਆਂ ਨੇ ਗੋਲਡ ਮੈਡਲ ਜਿੱਤੇ, ਜੋ ਕਿ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਹੈ। ਇਸ ਤੋਂ ਇਲਾਵਾ ਬਾਇਓਲੋਜੀ ‘ਚ ਵੀ ਭਾਰਤੀ ਵਿਦਿਆਰਥੀਆਂ ਨੇ ਗੋਲਡ ਸਣੇ ਮੈਡਲ ਜਿੱਤੇ, ਜਦਕਿ ਮੈਥਸ ਓਲੰਪੀਆਡ ਵਿੱਚ ਭਾਰਤ ਨੇ 2 ਗੋਲਡ ਅਤੇ 4 ਸਿਲਵਰ ਮੈਡਲ ਆਪਣੇ ਨਾਂ ਕੀਤੇ। ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਕਿ ਦੇਸ਼ ਦੇ ਹੋਰ ਵੀ ਵੱਧ ਤੋਂ ਵੱਧ ਨੌਜਵਾਨ ਓਲੰਪੀਆਡਸ ਅਤੇ ਹੈਕਾਥੌਨਸ ‘ਚ ਹਿੱਸਾ ਲੈ ਕੇ ਭਾਰਤ ਦਾ ਨਾਂ ਰੌਸ਼ਨ ਕਰਨਗੇ ਤੇ ਦੁਨੀਆ ਭਰ ‘ਚ ਭਾਰਤ ਦੀ ਪਛਾਣ ਹੋਰ ਮਜ਼ਬੂਤ ਕਰਨਗੇ।

