“I won’t fasten my seat belt..!”, A stubborn passenger cancelled the flight, the whole family had to disembark.
”ਮੈਂ ਸੀਟ ਬੈਲਟ ਨਹੀਂ ਬੰਨ੍ਹਣੀ..!”, ਇਕ ਜ਼ਿੱਦ ਨੇ ਰੱਦ ਕਰਾ’ਤੀ ਫਲਾਈਟ, ਪੂਰਾ ਪਰਿਵਾਰ ਲਾਹੁਣਾ ਪਿਆ ਹੇਠਾਂ
Totanto, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਜਹਾਜ਼ ਦੀ ਉਡਾਣ ਸਿਰਫ਼ ਇਸ ਕਾਰਨ ਰੱਦ ਕਰਨੀ ਪਈ ਕਿ ਇਕ ਬੱਚੇ ਨੇ ਸੀਟ ਬੈਲਟ ਲਗਾਉਣ ਤੋਂ ਇਨਕਾਰ ਕਰ ਦਿੱਤਾ। ਇਸ ਅਜੀਬੋ-ਗਰੀਬ ਘਟਨਾ ਨੇ ਹਵਾਈ ਸਫ਼ਰ ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ। ਇਹ ਘਟਨਾ 6 ਅਗਸਤ ਨੂੰ ਵਿਕਟੋਰੀਆ ਤੋਂ ਟੋਰਾਂਟੋ ਜਾ ਰਹੀ ‘ਪੋਰਟਰ ਏਅਰਲਾਈਨਜ਼’ ਦੇ ਇਕ ਜਹਾਜ਼ ‘ਚ ਵਾਪਰੀ ਸੀ। ਮਿਲੀ ਜਾਣਕਾਰੀ ਅਨੁਸਾਰ ਇਹ ਜਹਾਜ਼ ਟੇਕਆਫ਼ ਕਰਨ ਲਈ ਤਿਆਰ ਸੀ, ਪਰ ਬੱਚੇ ਵੱਲੋਂ ਸੀਟ ਬੈਲਟ ਨਾ ਬੰਨ੍ਹਣ ਕਾਰਨ ਪਾਇਲਟ ਨੂੰ ਜਹਾਜ਼ ਵਾਪਸ ਟਰਮੀਨਲ ਵੱਲ ਮੋੜਨਾ ਪਿਆ। ਇਸ ਦੇਰੀ ਕਾਰਨ ਅੱਧੀ ਰਾਤ ਤੋਂ ਬਾਅਦ ਰਨਵੇਅ ਬੰਦ ਹੋ ਗਿਆ, ਜਿਸ ਕਾਰਨ ਫਲਾਈਟ ਰੱਦ ਕਰਨੀ ਪਈ ਅਤੇ ਸਾਰੇ ਯਾਤਰੀਆਂ ਨੂੰ ਅਗਲੇ ਦਿਨ ਦੀ ਫਲਾਈਟ ਰਾਹੀਂ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਇਆ ਗਿਆ। ਪੋਰਟਰ ਏਅਰਲਾਈਨਜ਼ ਅਨੁਸਾਰ, ਬੱਚੇ ਦੇ ਮਾਤਾ-ਪਿਤਾ ਅਤੇ ਕ੍ਰੂ ਮੈਂਬਰਾਂ ਨੇ ਬੱਚੇ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਬੱਚੇ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤੇ ਉਹ ਆਪਣੀ ਜ਼ਿੱਦ ‘ਤੇ ਅੜਿਆ ਰਿਹਾ। ਅਸੁਰੱਖਿਅਤ ਹਾਲਾਤਾਂ ਵਿੱਚ ਉਡਾਣ ਭਰਨਾ ਖ਼ਤਰਨਾਕ ਸੀ, ਇਸ ਲਈ ਪਰਿਵਾਰ ਨੂੰ ਜਹਾਜ਼ ‘ਚੋਂ ਹੇਠਾਂ ਉਤਾਰ ਦਿੱਤਾ ਗਿਆ। ਹਵਾਈ ਸੁਰੱਖਿਆ ਮਾਹਿਰਾਂ ਮੁਤਾਬਕ ਕ੍ਰੂ ਮੈਂਬਰਾਂ ਦਾ ਫੈਸਲਾ ਬਿਲਕੁਲ ਜਾਇਜ਼ ਸੀ। ਉਡਾਣ ਭਰਨ ਜਾਂ ਉਤਰਨ ਸਮੇਂ ਬਿਨਾਂ ਬੈਲਟ ਤੋਂ ਬੈਠਾ ਬੱਚਾ ਖ਼ਰਾਬ ਮੌਸਮ ਜਾਂ ਟਰਬੂਲੈਂਸ ਕਾਰਨ ਹਵਾ ‘ਚ ਉੱਛਲ ਕੇ ਹੋਰਾਂ ਲਈ ਵੀ ਖ਼ਤਰਾ ਬਣ ਸਕਦਾ ਸੀ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਨਵੀਂ ਬਹਿਸ ਛਿੜ ਗਈ ਹੈ ਕਿ ਕੀ ਮਾਤਾ-ਪਿਤਾ ਬੱਚਿਆਂ ਨਾਲ ਬਹੁਤ ਜ਼ਿਆਦਾ ਨਰਮੀ ਵਰਤ ਰਹੇ ਹਨ ਕਿ ਉਨ੍ਹਾਂ ਨੂੰ ਸਮਝਾਏ ਜਾਣ ਦੇ ਬਾਵਜੂਦ ਗੱਲ ਸਮਝ ‘ਚ ਨਹੀਂ ਆ ਰਹੀ। ਇਸ ਤੋਂ ਪਹਿਲਾਂ 2018 ਵਿੱਚ ‘ਸਾਊਥਵੈਸਟ ਏਅਰਲਾਈਨਜ਼’ ਅਤੇ 2012 ਵਿੱਚ ‘ਜੈੱਟਬਲੂ’ ਏਅਰਲਾਈਨ ਵੱਲੋਂ ਵੀ ਬੱਚਿਆਂ ਦੇ ਰੋਣ ਜਾਂ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਪੂਰੇ ਪਰਿਵਾਰ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਏਅਰਲਾਈਨਜ਼ ‘ਤੇ ਇਨਸਾਨੀਅਤ ਨਾ ਦਿਖਾਉਣ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ ਸਾਹਮਣੇ ਆਏ ਇਸ ਤਾਜ਼ਾ ਮਾਮਲੇ ਨੇ ਅਜਿਹੀ ਬਹਿਸ ਨੂੰ ਹੋਰ ਤੇਜ਼ ਕਰ ਦਿੱਤਾ ਹੈ।

