IAS officer arrested! He used to call himself a friend of NSA, police seized Tesla car along with it
ਫੜਿਆ ਗਿਆ IAS ਅਫ਼ਸਰ ! ਖ਼ੁਦ ਨੂੰ ਦੱਸਦਾ ਸੀ NSA ਦਾ ਦੋਸਤ, ਪੁਲਸ ਨੇ ਟੈਸਲਾ ਕਾਰ ਸਣੇ ਚੁੱਕਿਆ
ਖਗੜੀਆ (ਆਵਾਜ਼ਿ ਕੌਮ ਬਿਊਰੋ)- ਬਿਹਾਰ ਦੇ ਖਗੜੀਆ ਜ਼ਿਲ੍ਹੇ ‘ਚ ਇਕ ਵਿਅਕਤੀ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਧਿਕਾਰੀ ਵਜੋਂ ਪੇਸ਼ ਕਰਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਲ ਸਬੰਧਾਂ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੇ ਘਰੋਂ 31 ਲੀਟਰ ਤੋਂ ਵੱਧ ਆਯਾਤ ਵਿਦੇਸ਼ੀ ਸ਼ਰਾਬ, ਇਕ ਟੈਸਲਾ ਕਾਰ ਅਤੇ ਹੋਰ ਕੀਮਤੀ ਸਮਾਨ ਬਰਾਮਦ ਕੀਤਾ ਹੈ। ਖਗੜੀਆ ਦੇ ਪੁਲਸ ਸੁਪਰਡੈਂਟ ਭਾਨੂ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮਨੀਸ਼ ਗੁਪਤਾ ਵਜੋਂ ਹੋਈ ਹੈ, ਜੋ ਗੋਗਰੀ ਥਾਣਾ ਖੇਤਰ ਦੇ ਜਮਾਲਪੁਰ ਦਾ ਰਹਿਣ ਵਾਲਾ ਹੈ। ਉਹ ਕਥਿਤ ਤੌਰ ‘ਤੇ ਬਿਹਾਰ ਦੇ ਵੱਖ-ਵੱਖ ਹਿੱਸਿਆਂ ‘ਚ ਖੁਦ ਨੂੰ ਇਕ ਸੀਨੀਅਰ ਸਰਕਾਰੀ ਅਧਿਕਾਰੀ ਦੱਸ ਕੇ ਧੋਖਾਧੜੀ ਕਰਦਾ ਸੀ। ਸਿੰਘ ਨੇ ਕਿਹਾ ਕਿ ਇਕ ਸੂਚਨਾ ਦੇ ਆਧਾਰ ‘ਤੇ, ਪੁਲਸ ਨੇ ਗੁਪਤਾ ਦੇ ਟਿਕਾਣੇ ‘ਤੇ ਛਾਪਾ ਮਾਰਿਆ ਅਤੇ ਐਤਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਸੁਪਰਡੈਂਟ ਅਨੁਸਾਰ,”ਪੁੱਛਗਿੱਛ ਦੌਰਾਨ ਗੁਪਤਾ ਨੇ ਕੇਂਦਰੀ ਵਿਜੀਲੈਂਸ ਕਮਿਸ਼ਨ ਦਾ ਕਾਰਡ ਦਿਖਾਇਆ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਅਧੀਨ ਇਕ ਅੰਡਰਕਵਰ ਏਜੰਟ ਵਜੋਂ ਕੰਮ ਕਰਨ ਦਾ ਦਾਅਵਾ ਕੀਤਾ। ਉਸ ਨੇ ਖੁਦ ਨੂੰ ਆਈਏਐੱਸ ਅਧਿਕਾਰੀ ਦੱਸਣ ਵਾਲਾ ਇਕ ਪਛਾਣ ਪੱਤਰ ਵੀ ਦਿਖਾਇਆ। ਸ਼ੁਰੂਆਤੀ ਜਾਂਚ ‘ਚ ਉਸ ਦੇ ਸਾਰੇ ਦਾਅਵੇ ਝੂਠੇ ਪਾਏ ਗਏ।” ਪੁਲਸ ਨੇ ਦੋਸ਼ੀ ਦੇ ਘਰੋਂ 31 ਲੀਟਰ ਤੋਂ ਵੱਧ ਆਯਾਤ ਕੀਤੀ ਵਿਦੇਸ਼ੀ ਸ਼ਰਾਬ, ਵੱਡੀ ਮਾਤਰਾ ‘ਚ ਬੀਅਰ, ਇਕ ਟੈਸਲਾ ਕਾਰ (ਜਿਸ ‘ਤੇ “ਭਾਰਤ ਸਰਕਾਰ” ਦਾ ਸਾਈਨਬੋਰਡ ਲੱਗਾ ਸੀ), ਇਕ ਟਾਟਾ ਸਫਾਰੀ, ਪੰਜ ਆਈਫੋਨ, 20 ਕ੍ਰੈਡਿਟ ਕਾਰਡ, 8 ਡੈਬਿਟ ਕਾਰਡ, ਚਾਰ ਚੈੱਕਬੁੱਕ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਸਿੰਘ ਨੇ ਕਿਹਾ,”ਭਾਰਤ ‘ਚ FSD ਸਹੂਲਤ ਨਾਲ ਲੈਸ ਟੈਸਲਾ ਕਾਰਾਂ ਬਹੁਤ ਘੱਟ ਮਿਲਦੀਆਂ ਹਨ। ਅਸੀਂ ਦੋ ਬਾਰਾਸਿੰਘਾ (ਦਲਦਲ ਹਿਰਨ) ਦੇ ਸਿੰਗ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਕਬਜ਼ਾ ਜੰਗਲੀ ਜੀਵ ਸੁਰੱਖਿਆ ਐਕਟ ਦੇ ਤਹਿਤ ਸਜ਼ਾਯੋਗ ਹੈ।” ਉਨ੍ਹਾਂ ਕਿਹਾ ਕਿ ਪੁਲਸ ਗੁਪਤਾ ਦੀਆਂ ਜਾਇਦਾਦਾਂ ਦੀ ਜਾਂਚ ਕਰ ਰਹੀ ਹੈ। ਬਿਹਾਰ ਪੁਲਸ ਦੀ ਆਰਥਿਕ ਅਪਰਾਧ ਇਕਾਈ (EOU) ਸਮੇਤ ਵਿਸ਼ੇਸ਼ ਏਜੰਸੀਆਂ ਇਸ ਜਾਂਚ ‘ਚ ਸ਼ਾਮਲ ਹੋ ਰਹੀਆਂ ਹਨ। ਪੁਲਸ ਸੁਪਰਡੈਂਟ ਨੇ ਕਿਹਾ ਕਿ ਦੋਸ਼ੀ ਨੇ ਕਥਿਤ ਤੌਰ ‘ਤੇ ਧੋਖਾਧੜੀ ਜਾਂ ਭ੍ਰਿਸ਼ਟਾਚਾਰ ਰਾਹੀਂ ਜਾਇਦਾਦਾਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕਥਿਤ ਧੋਖਾਧੜੀ, ਨਕਲ ਅਤੇ ਗੁਪਤਾ ਦੀਆਂ ਜਾਇਦਾਦਾਂ ਦੇ ਸਰੋਤ ਦੀ ਵਿਸਤ੍ਰਿਤ ਜਾਂਚ ਕੀਤੀ ਜਾਵੇਗੀ।

